ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਇਸ ਵੈਬਸਾਈਟ ਦੀ ਸੇਵਾ ਕਰਦਿਆ ਦਾਸ ਪਾਸੋ ਗਲਤੀਆਂ ਹੋ ਜਾਣਾ ਸੁਭਾਵਿਕ ਹੈ, ਆਪ ਜੀ ਦੇ ਚਰਨਾ ਪਾਸ ਬੇਨਤੀ ਹੈ ਦਾਸ ਨੂੰ ਹੋਈ ਗਲਤੀ ਬਾਰੇ ਅਤੇ ਸੁਝਾਵ ਦੇਣ ਲਈ ਇਸ ਈ-ਮੇਲ ਤੇ ਸੰਪਰਕ ਕਰਨਾ ਜੀ sikhtera.info@gmail.com

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ-Sri Guru Granth Sahib Ji

           
                 
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਹਰ ਧਰਮ ਦਾ ਆਪਣਾ ਧਰਮ ਗ੍ਰੰਥ ਹੁੰਦਾ ਹੈ ਜਿਸ ਵਿਚ ਉਸ ਧਰਮ ਦੇ ਮੁਢਲੇ ਅਸੂਲਾਂ ਦੀ ਵਿਸਥਾਰ ਪੂਰਵਕ ਵਿਆਖਿਆ ਕੀਤੀ ਹੁੰਦੀ ਹੈ। ਜਿਵੇਂ ਈਸਾਈਆਂ ਦਾ ਬਾਈਬਲ, ਮੁਸਲਮਾਨਾਂ ਦਾ ਕੁਰਾਨ ਸ਼ਰੀਫ, ਹਿੰਦੂਆਂ ਦੀ ਗੀਤਾ ਅਤੇ ਰਮਾਇਣ ਅਤੇ ਬੁੱਧ ਧਰਮ ਦਾ ਪਵਿੱਤਰ ਗ੍ਰੰਥ ਧਮਪਦ। ਇਸੇ ਪ੍ਰਕਾਰ ਸਿੱਖਾਂ ਦੇ ਧਰਮ ਗੰ੍ਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਇਹ ਸਿੱਖ ਧਰਮ ਦਾ ਅਧਿਆਤਮਕ ਗ੍ਰੰਥ ਹੈ। ਇਸ ਵਿਚ ਦਰਸਾਈ ਗਈ ਬਾਣੀ ਕਿਸੇ ਇਕ ਜਾਤੀ ਜਾਂ ਫਿਰਕੇ ਲਈ ਨਹੀ, ਸਗੋਂ ਸਮੁੱਚੀ ਮਾਨਵਤਾ ਦੇ ਭਲੇ ਲਈ ਹੈ।

                   ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ-ਕਾਲ ਵਿਚ ਭਾਰਤ ਅਤੇ ਵਿਦੇਸ਼ਾਂ ਦੀਆਂ ਬਹੁਤ ਯਾਤਰਾਵਾਂ ਕੀਤੀਆਂ ਅਤੇ ਲੋਕਾਂ ਨੂੰ ਦੱਸਿਆ ਕਿ ਪਰਮਾਤਮਾ ਇਕ ਹੈ।ਅਸੀਂ ਸਾਰੇ ਉਸਦੀ ਸੰਤਾਨ ਹਾਂ। ਸ੍ਰੀ ਗੁਰੂ ਨਾਨਕ ਦੇਵ ਜੀ ਜਿੱਥੇ ਵੀ ਗਏ, ਉਨ੍ਹਾਂ ਭਗਤਾਂ ਦੀਆਂ ਬਾਣੀਆਂ ਇਕੱਤਰ ਕੀਤੀਆਂ ਅਤੇ ਗੁਰੂ ਜੀ ਆਪਣੀ ਬਾਣੀ ਸਮੇਤ ਇਕ ਕਿਤਾਬ (ਪੋਥੀ)ਵਿਚ ਸੰਭਾਲ ਲੈਂਦੇ ਸਨ। ਗੁਰੂ ਜੀ ਹਰ ਸਮੇਂ ਪੋਥੀ ਆਪਣੇ ਪਾਸ ਰੱਖਦੇ ਸਨ।

                   ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਅਰਪਣ ਕਰਨ ਵੇਲੇ ਬਾਣੀ ਵਾਲੀ ਪੋਥੀ ਉਨ੍ਹਾਂ ਨੂੰ ਸੌਂਪ ਦਿੱਤੀ। ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸੱਚਖੰਡ ਪਧਾਰਨ ਤੋਂ ਪਹਿਲਾਂ ਸ੍ਰੀ ਗੁਰੂ ਅਮਰਦਾਸ ਜੀ ਨੂੰ ਗੁਰੂ ਪਦਵੀ ਦੇਣ ਸਮੇਂ ਆਪਣੀ ਰਚੀ ਬਾਣੀ ਦੇ ਨਾਲ ਉਪਰੋਕਤ ਬਾਣੀ ਵਾਲੀ ਪੋਥੀ ਉਨ੍ਹਾਂ ਨੂੰ ਦੇ ਦਿੱਤੀ। ਇਸੇ ਤਰ੍ਹਾਂ ਸ੍ਰੀ ਗੁਰੂ ਅਮਰਦਾਸ ਜੀ ਨੇ ਪ੍ਰਲੋਕ ਗ਼ਮਨ ਸਮੇਂ ਸ੍ਰੀ ਗੁਰੂ ਰਾਮਦਾਸ ਜੀ ਨੂੰ ਗੱਦੀ-ਪਦਵੀ ਦੇ ਨਾਲ ਆਪਣੀ ਉਚਾਰੀ ਬਾਣੀ ਅਤੇ ਪੂਰਬਲੇ ਗੁਰੂ ਸਾਹਿਬਾਨ ਦੀ ਅਮੋਲਕ ਬਾਣੀ ਵੀ ਸੌਂਪ ਦਿੱਤੀ। ਚੌਥੇ ਪਾਤਸ਼ਾਹ ਹਜ਼ੂਰ ਨੇ ਜੋਤੀ-ਜੋਤਿ ਸਮਾਉਣ ਸਮੇਂ ਆਪਣੀ ਉਚਾਰੀ ਬਾਣੀ ਸਮੇਤ ਸਮੁੱਚਾ ਗੁਰਬਾਣੀ ਭੰਡਾਰ 'ਪੀਊ ਦਾਦੇ ਕਾ ਖਜਾਨਾ' ਅੱਗੇ ਆਪਣੇ ਵਾਰਸਾਂ ਨੂੰ ਦੇ ਦਿੱਤਾ।

                     ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਕਾਰਜ ਪੰਜਵੇਂ ਗੁਰੂ ਸ੍ਰੀ ਅਰਜਨ ਦੇਵ ਜੀ ਨੇ ਕੀਤਾ। ਉਨ੍ਹਾਂ ਪੂਰਬਲੇ ਗੁਰੂ ਸਾਹਿਬਾਨ ਅਤੇ ਭਗਤਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿਚ ਸੰਭਾਲਿਆ। ਗੁਰੂ ਸਾਹਿਬ ਜੀ ਸਮੇਂ ਦੇ ਹਾਲਾਤ ਨੂੰ ਦੇਖ ਕੇ ਅਨੁਭਵ ਕਰ ਰਹੇ ਸਨ ਕਿ ਜੇਕਰ ਬਾਣੀ ਦੀ ਯੋਗ ਸੰਭਾਲ ਸਮੇਂ ਸਿਰ ਨਾ ਕੀਤੀ ਗਈ ਤਾਂ ਇਸ ਪਵਿੱਤਰ ਬਾਣੀ ਵਿਚ ਵਾਧਾ-ਘਾਟਾ (ਰਲ, ਮਿਲਾਵਟ) ਹੋਣ ਤੋਂ ਰੋਕਿਆ ਜਾਣਾ ਸੰਭਵ ਨਹੀ ਹੋ ਸਕੇਗਾ। ਉਧਰ ਗੁਰੂ-ਘਰ ਵਿੱਚੋਂ ਹੀ ਗੁਰਗੱਦੀ ਦੇ ਸ਼ਰੀਕ ਬਾਬਾ ਪ੍ਰਿਥੀ ਚੰਦ ਦੇ ਪੁੱਤਰ ਮਿਹਰਬਾਨ ਨੇ 'ਨਾਨਕ ਪਦ ਦੀ ਵਰਤੋਂ ਕਰਕੇ ਆਪਣੀ ਨਕਲੀ ਬਾਣੀ ਦੀ ਰਚਨਾ ਕਰਨੀ ਸ਼ੁਰੂ ਕਰ ਦਿੱਤੀ ਸੀ। ਇਸ ਪ੍ਰਕਾਰ ਪਵਿੱਤਰ ਬਾਣੀ ਨੂੰ ਮਿਲਾਵਟ ਤੋਂ ਬਚਾਉਣ, ਸੱਚੀ ਅਤੇ ਸੁੱਚੀ ਰੱਖਣ ਲਈ ਇਹ ਮਹਾਨ ਸੰਪਾਦਨਾ ਦਾ ਕਾਰਜ ਆਰੰਭ ਕੀਤਾ ਗਿਆ।

                ਪੰਜਵੇਂ ਗੁਰੂ ਜੀ ਅਰਜਨ ਸਾਹਿਬ ਦਾ ਸਭ ਤੋਂ ਵੱਡਾ ਕਾਰਨਾਮਾ ਇਸ ਪਵਿੱਤਰ ਧਰਮ ਗ੍ਰੰਥ ਨੂੰ ਸੰਪਾਦਨ ਕਰਨਾ ਸੀ। ਗੁਰੂ ਜੀ ਨੇ ਸਾਰੀ ਬਾਣੀ ਨੂੰ ਬੀੜ ਦੇ ਰੂਪ ਵਿਚ ਲਿਖਣ ਦੀ ਜ਼ਿੰਮੇਵਾਰੀ ਭਾਈ ਗੁਰਦਾਸ ਜੀ ਨੂੰ ਦਿੱਤੀ। ਇਸ 'ਆਦਿ ਗ੍ਰੰਥ' ਸਾਹਿਬ ਜੀ ਦੇ ੯੭੪ ਪੱਤਰੇ ਸਨ ਅਤੇ ੩੦ ਰਾਗਾਂ ਵਿਚ ਸੀ। ਇਸ ਦਾ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ੧੬੦੪ ਈ. ਵਿਚ ਕੀਤਾ ਗਿਆ। ਸਿੱਖ ਧਰਮ ਦੇ ਨਿਸ਼ਠਾਵਾਨ ਸੇਵਕ ਬਾਬਾ ਬੁੱਢਾ ਜੀ ਨੂੰ ਸ੍ਰੀ ਦਰਬਾਰ ਸਾਹਿਬ ਦੇ ਪਹਿਲੇ ਗੰ੍ਰਥੀ ਨਿਯੁਕਤ ਕੀਤਾ ਗਿਆ। ਸੰਨ ੧੭੦੪ ਈ. ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ( ਸਾਬੋ ਦੀ ਤਲਵੰਡੀ) ਭਾਈ ਮਨੀ ਸਿੰਘ ਜੀ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਦਰਨ ਕਰਵਾਈ ਅਤੇ ਇਸ ਬੀੜ ਦੇ ਚਾਰ ਉਤਾਰੇ ਭੀ ਕੀਤੇ ਗਏ ਜਿਹੜੇ ਚੌਹਾਂ ਤਖ਼ਤਾਂ ਨੂੰ ਭੇਜੇ ਗਏ। ਇਸ ਪਾਵਨ ਬੀੜ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਕਾਲ ਚਲਾਣਾ ਕਰਨ ਤੋਂ ਇਕ ਦਿਨ ਪਹਿਲਾਂ ਸ੍ਰੀ ਹਜ਼ੂਰ ਸਾਹਿਬ ਨੰਦੇੜ ਵਿਖੇ ੧੭੦੮ ਈ. ਨੂੰ ਗੁਰੂ ਦੀ ਪਦਵੀ ਪ੍ਰਦਾਨ ਕੀਤੀ ਤੇ ਕਿਹਾ ਕਿ ਅੱਜ ਤੋਂ ਬਾਅਦ 'ਗੁਰੂ' ਦੀ ਆਤਮਾ ਸ੍ਰੀ ਗੁਰੂ ਸਾਹਿਬ ਵਿਚ ਹੋਵੇਗੀ। ਇਸ ਨੂੰ ਜਗਤ ਜੋਤਿ ਦਾ ਸਥਾਨ ਪ੍ਰਾਪਤ ਹੈ।

                    ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਬਾਣੀ, ਵਾਹਿਗੁਰੂ ਦੀ ਪ੍ਰੇਮਾ ਭਗਤੀ, ਬ੍ਰਹਮ ਗਿਆਨ, ਜੀਵਨ ਦੀਆਂ ਅਟੱਲ ਸੱਚਾਈਆਂ ਅਤੇ ਅਧਿਆਤਮਵਾਦ ਦੇ ਪਰਮ ਤੱਤਾਂ ਬਾਰੇ ਕਥਨ ਕਰਦੀ ਹੈ। ਇਸ ਗ੍ਰੰਥ ਦਾ ਆਕਾਰ ਅਤੇ ਘੇਰਾ ਦੋਵੇਂ ਬਹੁਤ ਵਿਸ਼ਾਲ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ੬ ਗੁਰੂ ਸਾਹਿਬਾਨ, ੧੫ ਭਗਤਾਂ,੧੧ ਭੱਟਾਂ ਅਤੇ ਚਾਰ ਗੁਰੂ-ਘਰ ਨਾਕ ਸੰਬੰਧਤ (ਨਿਕਟਵਰਤੀ) ਵਿਅਕਤੀਆਂ ਦੀਆਂ ਅਨਮੋਲ ਰਚਨਾਵਾਂ ਦਰਜ ਹਨ।ਇਸ ਵਿਚ ਬਾਰ੍ਹਵੀਂ ਸਦੀ ਤੋਂ ਲੈ ਕੇ ਸਤਾਰ੍ਹਵੀਂ ਸਦੀ ਤਕ ਦੇ ਮਹਾਨ ਪੁਰਸ਼ਾਂ ਦੀਆਂ ਰਚਨਾਵਾਂ ਬਿਨਾਂ ਕਿਸੇ ਪੱਖਪਾਤ ਜਾਂ ਊਚ-ਨੀਚ ਦੇ ਦਰਜ ਕੀਤੀਆਂ ਹਨ। ਇਸ ਵਿਚ ਛੇ ਗੁਰੂ ਸਾਹਿਬਾਨ ਤੋਂ ਛੁਟ ਹੋਰ ਭਗਤਾਂ ਦੀ ਬਾਣੀ ਸ਼ਾਮਲ ਹੈ ਜਿਵੇਂ ਸ਼ੇਖ ਫਰੀਦ ਜੀ, ਭਗਤ ਭੀਖਨ ਜੀ, ਭਗਤ ਕਬੀਰ ਜੀ ਜੁਲਾਹਾ, ਭਗਤ ਨਾਮਦੇਵ ਜੀ ਛੀਂਬਾ, ਭਗਤ ਰਵਿਦਾਸ ਜੀ ਚਮਾਰ, ਭਗਤ ਸਧਨਾ ਜੀ ਕਸਾਈ, ਭਗਤ ਸੈਣ ਜੀ ਨਾਈ ਆਦਿ। ਭਾਈ ਮਰਦਾਨਾਂ ਜੀ ਦੀ ਬਾਣੀ ਵੀ ਇਸ ਸ਼ਾਮਲ ਹੈ। ਉਸ ਸਮੇਂ ਨੀਵੀਂ ਜਾਤ ਵਾਲਿਆਂ ਨੂੰ ਧਰਮ ਗੰ੍ਰਥ ਪੜ੍ਹਨ (ਵਾਚਣ) ਅਤੇ ਧਰਮ-ਅਸਥਾਨਾਂ ਉੱਤੇ ਜਾਣ ਦੀ ਮਨਾਹੀ ਸੀ।ਇਸ ਗੰ੍ਰਥ ਵਿਚ ਹਿੰਦੂ ਭਗਤਾਂ ਦੀ ਬਾਣੀ ਵੀ ਦਰਜ ਹੈ।ਸੱਚ ਤਾਂ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮਾਨਤਾ ਰੱਖਣ ਵਾਲੇ ਉੱਚ ਵਿਚਾਰਾਂ ਦਾ ਇਕ ਮਹਾਨ ਅਦਭੁਤ ਸੰਗ੍ਰਹਿ ਹੈ।

                                      ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 'ਸ਼ਬਦ ਗੁਰੂ' ਦੀ ਮਹੱਤਤਾ ਦਰਸਾਈ ਗਈ ਹੈ। ਜਦ ਵੀ ਕੋਈ ਸ੍ਰੀ ਗ੍ਰੰਥ ਸਾਹਿਬ ਜੀ ਨੂੰ ਸਤਿਕਾਰ ਸਹਿਤ ਸਿਰ ਨਿਵਾਉਂਦਾ ਹੈ, ਮੱਥਾ ਟੇਕਦਾ ਹੈ ਤਾਂ ਉਹ ਹਰ ਸ਼ਬਦ ਨੂੰ ਚਾਹੇ ਉਹ ਗੁਰੂ ਜੀ ਦੇ ਮੁਖਾਰਬਿੰਦ ਤੋਂ ਉਚਾਰਿਆ ਗਿਆ ਹੈ ਜਾਂ ਕਿਸੇ ਭਗਤ, ਭੱਟ ਆਦਿ ਦਾ ਹੈ। (ਜਿਹੜੇ ਵੱਖ-ਵੱਖ ਜਾਤਾਂ ਦੇ ਸਨ) ਪ੍ਰਾਣੀ ਬਹੁਤ ਸਤਿਕਾਰ ਅਤੇ ਨਿਸਚੇ ਨਾਲ ਮੱਥਾ ਟੇਕ ਕੇ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ।

                            ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਜਿਥੇ ਘੇਰੇ ਵਜੋਂ ਮਜ਼੍ਹਬ, ਜਾਤ,ਵਰਣ ਆਦਿ ਤੋਂ ਉੱਪਰ ਹੈ ਉਥੇ ਇਹ ਦੇਸ਼-ਕਾਲ ਦੀਆਂ ਹੱਦਾਂ ਵਿਚ ਸੀਮਿਤ ਨਹੀਂ ਰੱਖੀ ਜਾ ਸਕਦੀ। ਇਸ ਦੀ ਰੂਹਾਨੀ ਬਾਣੀ ਸਾਰੀ ਮਨੁੱਖਤਾ ਨੂੰ ਇਕ ਇਕਾਈ ਮੰਨਦੀ ਹੈ।'ਸਭ ਸਾਝੀਵਾਲ ਸਦਾਇਨਿ' ਅਤੇ ਸਾਂਝੀਵਾਲਤਾ ਦੀ ਬੁਨਿਆਦ ਨੂੰ ਪੱਕਾ ਕਰਦੀ ਹੈ। ਇਸ ਦੀ ਬਾਣੀ ਦਾ ਸਮੁੱਚਾ ਸੰਦੇਸ਼ ਹਰੇਕ ਵਿਅਕਤੀ ਨੂੰ ਇਕ 'ਆਦਰਸ਼ ਮਨੁੱਖ' ਬਣਨ ਲਈ ਪ੍ਰੇਰਦਾ ਹੈ। ਪਿਤਾ ਪਰਮਾਤਮਾ ਸਰਬ-ਸ਼ਕਤੀਮਾਨ ਹੈ। ਸਾਰਿਆਂ ਵਿਚ ਉਸਦੀ ਜੋਤ ਵਿਦਮਾਨ ਹੈ। ਉਹ ਸਰਬ ਵਿਅਪਕ ਹੈ। ਪ੍ਰਾਣੀ ਉਸ ਦੀ ਸਿਫ਼ਤ ਸਲਾਹ ਕਰਕੇ,ਸਤਿਸੰਗਤ ਅਤੇ ਨਾਮ ਜਪਣ ਨਾਲ ਸਦੀਵੀ ਸੁਖ ਪ੍ਰਾਪਤ ਕਰ ਸਕਦਾ ਹੈ।

                         ਆਓ ! ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੱਸੇ ਮਾਰਗ' ਤੇ ਚੱਲੀਏ। ਇਸ ਵਿਚ ਦੱਸੀਆਂ ਸਿੱਖਿਆਵਾਂ ਨੂੰ ਜੀਵਨ ਵਿਚ ਉਤਾਰੀਏ ਅਤੇ ਉਨ੍ਹਾਂ' ਤੇ ਚੱਲਣ ਦਾ ਸੱਚੇ ਦਿਲ ਨਾਲ ਉਪਰਾਲਾ ਕਰੀਏ!





Previous
Next Post »
navigation