ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਇਸ ਵੈਬਸਾਈਟ ਦੀ ਸੇਵਾ ਕਰਦਿਆ ਦਾਸ ਪਾਸੋ ਗਲਤੀਆਂ ਹੋ ਜਾਣਾ ਸੁਭਾਵਿਕ ਹੈ, ਆਪ ਜੀ ਦੇ ਚਰਨਾ ਪਾਸ ਬੇਨਤੀ ਹੈ ਦਾਸ ਨੂੰ ਹੋਈ ਗਲਤੀ ਬਾਰੇ ਅਤੇ ਸੁਝਾਵ ਦੇਣ ਲਈ ਇਸ ਈ-ਮੇਲ ਤੇ ਸੰਪਰਕ ਕਰਨਾ ਜੀ sikhtera.info@gmail.com

ਸ਼੍ਰੀ ਅਕਾਲ ਤਖ਼ਤ ਸਾਹਿਬ ਉਤੇ ਹਮਲਾ-4 ਜੁਲਾਈ 1955

 

 ਸ਼੍ਰੀ ਅਕਾਲ ਤਖ਼ਤ ਸਾਹਿਬ ਉਤੇ ਹਮਲਾ-4 ਜੁਲਾਈ 1955

3 ਅਤੇ 4 ਜੁਲਾਈ 1955 ਦੀ ਅੱਧੀ ਰਾਤ ਨੂੰ ਪੁਲਿਸ ਨੇ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅਕਾਲ ਤਖ਼ਤ ਸਾਹਿਬ ਉਤੇ ਹਮਲਾ ਕੀਤਾ
ਬਹੁਤੇ ਸਿੱਖ ਇਹੀ ਸਮਝਦੇ ਹਨ ਕਿ ਜੂਨ 1984 ਵਿਚ ਹੀ ਭਾਰਤੀ ਹਕੂਮਤ ਵਲੋਂ ਦਰਬਾਰ ਸਾਹਿਬ ਉੱਤੇ ਪਹਿਲੀ ਵਾਰ ਹਮਲਾ ਕੀਤਾ ਗਿਆ ਸੀ । ਪਰ ਅਖੌਤੀ ਆਜ਼ਾਦੀ ਦੇ (1947) ਦੇ ਕਰੀਬ 8 ਸਾਲਾਂ (ਜੁਲਾਈ 1955) ਬਾਅਦ ਹੀ ਭਾਰਤੀ-ਰਾਜ ਨੇ ਦਰਬਾਰ ਸਾਹਿਬ ਉੱਤੇ ਹੱਲਾ ਬੋਲ ਦਿੱਤਾ ਸੀ ।ਇਹ ਹਮਲਾ ਪੰਜਾਬੀ ਸੂਬਾ ਮੋਰਚੇ ਨੂੰ ਕੁਚਲਣ ਲਈ ਕੀਤਾ ਗਿਆ ਸੀ । ਉਸ ਵੇਲੇ ਹਕੂਮਤ ਦੀ ਮਸ਼ੀਨਰੀ ਵਲੋਂ ਦਰਬਾਰ ਸਾਹਿਬ ਕੰਪਲੈਕਸ ਵਿਚ ਕਹਿਰ ਢਾਹਿਆ ਗਿਆ।

ਪੁਲੀਸ ਨੇ ਬਿਨਾਂ ਪੇਸ਼ਬੰਦੀ ਦੇ ਤੌਰ ਉਪਰ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਦੀਆਂ 24 ਬੰਦੂਕਾਂ ਦੇ ਲਾਇਸੰਸ ਜ਼ਬਤ ਕਰਕੇ ਪੁਲੀਸ ਉਹਨਾਂ ਨੂੰ ਚੁੱਕ ਕੇ ਲੈ ਗਈ । ਗੁਰਦੁਆਰਾ ਪ੍ਰਬੰਧ ਤੇ ਅਕਾਲੀ ਦਲ ਨਾਲ ਸਬੰਧ ਰੱਖਣ ਵਾਲੇ ਸਾਰੇ ਵਰਕਰਾਂ ਦੀਆਂ ਬੰਦੂਕਾਂ ਤੇ ਪਿਸਤੌਲਾਂ ਪੁਲੀਸ ਨੇ ਜ਼ਬਤ ਕਰ ਲਈਆਂ । ਮਾਸਟਰ ਤਾਰਾ ਸਿੰਘ ਦੀ ਬੰਦੂਕ ਤੇ ਪਿਸਤੌਲ ਵੀ ਪੁਲੀਸ ਉਹਨਾਂ ਦੇ ਮਕਾਨ ਤੋਂ ਚੁੱਕ ਕੇ ਲੈ ਗਈ । ਇਹ ਸਾਰੀ ਕਾਰਵਾਈ ਇਸ ਲਈ ਕੀਤੀ ਗਈ ਕਿ ਪੁਲੀਸ ਦੇ ਹਮਲੇ ਸਮੇਂ ਕਿਧਰੇ ਇਹਨਾਂ ਹਥਿਆਰਾਂ ਨਾਲ ਉਸ ਦਾ ਮੁਕਾਬਲਾ ਹੀ ਸ਼ੁਨਾ ਕਰ ਦਿੱਤਾ ਜਾਵੇ ।
ਡਿਪਟੀ ਇੰਸਪੈਕਟਰ ਜਨਰਲ ਪੁਲੀਸ ਮਹਾਸ਼ਾ ਅਸ਼ਵਨੀ ਕੁਮਾਰ ਦਾ ਪੁਲੀਸ ਐਕਸ਼ਨ 3 ਤੇ 4 ਜੁਲਾਈ ਅੱਧੀ ਰਾਤ ਨੂੰ ਸ਼ੁਰੂ ਹੋ ਗਿਆ । ਜਦਕਿ ਪੁਲੀਸ ਦੀਆਂ ਵੱਖ-ਵੱਖ ਟੋਲੀਆਂ ਨੇ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਭੁਪਿੰਦਰ ਸਿੰਘ, ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸਰਦਾਰ ਗਿਆਨੀ ਗੁਰਦਿਆਲ ਸਿੰਘ, ਸ਼੍ਰੋਮਣੀ ਕਮੇਟੀ ਦੇ ਕਾਇਮ-ਮੁਕਾਮ ਸਕੱਤਰ ਗਿਆਨੀ ਤੇਜਾ ਸਿੰਘ ਅਤੇ ਸਕੱਤਰ ਪ੍ਰੋਫ਼ੈਸਰ ਹਰਭਜਨ ਸਿੰਘ ਜੀ ਆਦਿ ਦੇ ਮਕਾਨਾਂ ਉਪਰ ਛਾਪੇ ਮਾਰ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ । ਇਸ ਸਬੰਧ ਵਿੱਚ ਸਵਾਦੀ ਗੱਲ ਇਹ ਹੈ ਕਿ ਪੁਲੀਸ ਪਾਸ ਇਹਨਾਂ ਜ਼ੁੰਮੇਵਾਰਾਂ ਵਿਚੋਂ ਕਿਸੇ ਦੀ ਗ੍ਰਿਫਤਾਰੀ ਦੇ ਵੀ ਵਰੰਟ ਨਹੀਂ ਸਨ । ਜਦ ਸਿੰਘ ਸਾਹਿਬ ਗਿਆਨੀ ਭੁਪਿੰਦਰ ਸਿੰਘ ਦੀ ਗ੍ਰਿਫਤਾਰੀ ਲਈ ਰਾਤ ਦੇ ਸਾਢੇ ਬਾਰਾਂ ਵਜੇ ਪੁਲੀਸ ਉਹਨਾਂ ਦੇ ਮਕਾਨ ਉਪਰ ਪੁੱਜੀ ਤਾਂ ਉਹਨਾਂ ਪੁੱਛਿਆ ‘ਮੇਰੇ ਵਰੰਟ ਕਿੱਥੇ ਹਨ”, ਉੱਤਰ ਵਿੱਚ ਪੁਲੀਸ ਪਾਰਟੀ ਦੇ ਇੰਚਾਰਜ ਥਾਣੇਦਾਰ ਨੇ ਕਿਹਾ ‘ਮੈਂ ਆਪ ਹੀ ਵਰੰਟ ਹਾਂ।”
ਇਤਿਹਾਸ ਵਿੱਚ ਪਹਿਲੀ ਵਾਰ ਮੁਗਲ ਰਾਜ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਮਨੀ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਦੂਜਾ ਮੌਕਾ ਹੁਣ ਇਤਿਹਾਸ ਵਿੱਚ ਇਹ ਆਇਆ ਜਦਕਿ ਵਰਤਮਾਨ ਹੈੱਡ ਗ੍ਰੰਥੀ ਅਤੇ ਉਹਨਾਂ ਦੇ ਨਾਲ ਹੀ ਸ਼੍ਰੀ ਅਕਾਲ ਤਖ਼ਤ ਦੇ ਜੱਥੇਦਾਰ ਸਾਹਿਬ ਨੂੰ ਕਾਂਗਰਸ ਸਰਕਾਰ ਨੇ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਸੁੱਟਣਾ ਜ਼ਰੂਰੀ ਸਮਝਿਆ। ਵਾਹਿਗੁਰੂ ਦੇ ਰੰਗ ਨੇ !
ਅਸਲ ਵੱਡਾ ਐਕਸ਼ਨ ਸਵੇਰੇ ਤਿੰਨ-ਚਾਰ ਵਜੇ ਸ਼ੁਰੂ ਹੋਇਆ, ਜਦਕਿ ਹਜ਼ਾਰਾਂ ਦੀ ਗਿਣਤੀ ਵਿਚ ਹਥਿਆਰਬੰਦ ਪੁਲਸੀਆਂ ਨੂੰ ਲੈ ਕੇ ਮਹਾਸ਼ਾ ਅਸ਼ਵਨੀ ਕੁਮਾਰ ਨੇ ਆਪ ਧਾਵਾ ਬੋਲ ਦਿੱਤਾ । ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਗੁਰੂ ਰਾਮਦਾਸ ਸਰਾਂ ਦੇ ਸਾਰੇ ਨਾਕੇ ਰੋਕ ਲਏ ਗਏ। ਉਹਨਾਂ ਪੁਰ ਪੁਲੀਸ ਦਾ ਸਖ਼ਤ ਪਹਿਰਾ ਬਿਠਾ ਕੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਉਪਰ ਇੱਕੋ ਵਾਰ ਹਮਲਾ ਕਰ ਦਿੱਤਾ ਗਿਆ। ਮਹਾਸ਼ਾ ਅਸ਼ਵਨੀ ਕੁਮਾਰ ਨੇ ਇਹ ਪੁਲੀਸ ਐਕਸ਼ਨ ਇਸ ਲਈ ਕੀਤਾ ਸੀ ਕਿ ਅੰਮ੍ਰਿਤਸਰ ਵਿੱਚ ਪੁੱਜੇ ਹੋਏ ਸਾਰੇ ਸਤਿਆਗ੍ਰਹੀ ਜਥੇ ਗਿਫ਼ਤਾਰ ਕਰ ਲਏ ਜਾਣ, ਤਾਂ ਜੋ ਘਟੋ-ਘੱਟ ਉਸ ਦਿਨ ਸਤਿਆਗ੍ਰਹਿ ਨਾ ਹੋਵੇ ਤੇ ਉਹ ਮੋਰਚੇ ਨੂੰ ਕੁਚਲਣ ਦਾ ਐਲਾਨ ਕਰ ਸਕੇ, ਪ੍ਰੰਤੂ ਉਹ ਸਮਝਦਾ ਸੀ ਕਿ ਜਦ ਤਕ ਦੀਵਾਨ ਨੂੰ ਨਾ ਰੋਕਿਆ ਜਾਵੇ । ਮੋਰਚੇ ਨੂੰ ਫੇਲ੍ਹ ਨਹੀਂ ਕੀਤਾ ਜਾ ਸਕਦਾ । ਇਸ ਲਈ ਉਸ ਨੇ ਅਗਲਾ ਕਦਮ ਮੰਜੀ ਸਾਹਿਬ ਦੇ ਦੀਵਾਨ ਅਸਥਾਨ ‘ਤੇ ਕਬਜ਼ਾ ਕਰਨ ਲਈ ਪੁਲੀਸ ਐਕਸ਼ਨ ਨੂੰ ਹੋਰ ਅੱਗੇ ਵਧਾਉਣਾ ਸ਼ਕਰ ਦਿੱਤਾ । ਸਿਖ਼ਰ ਦੁਪਹਿਰੇ ਲਾਠੀਆਂ, ਬੰਦੂਕਾਂ, ਪਿਸਤੌਲਾਂ ਅਤੇ ਟੀਅਰ ਗੈਸ ਨਾਲ ਲੈਸ ਹੋ ਕੇ ਪੁਲੀਸ ਦੇ ਹਜ਼ਾਰਾਂ ਆਦਮੀ ਇਸ ਧਾਵੇ ਲਈ ਪੁੱਜ ਗਏ । ਪ੍ਰਾਪੇਗੰਡਾ ਵੈਨ ਦੁਆਰਾ ਐਲਾਨ ਕਰ ਦਿੱਤਾ ਗਿਆ ਕਿ ਮੰਜੀ ਸਾਹਿਬ ‘ਤੇ ਦਫ਼ਾ 144 ਲੱਗੀ ਹੋਈ ਹੈ, ਇਸ ਲਈ ਉਸ ਥਾਂ ਦੀਵਾਨ ਨਹੀਂ ਹੋਣ ਦਿੱਤਾ ਜਾਵੇਗਾ । ਸਿੱਖ ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਇੱਕਠੀਆਂ ਹੋ ਚੁੱਕੀਆਂ ਸਨ । ਪੁਲੀਸ ਦੀ ਇਸ ਭਿਆਨਕ ਕਿਸਮ ਦੀ ਇਸ਼ਤਿਆਲ ਅੰਗੇਜ਼ੀ ਕਾਰਨ ਉਹਨਾਂ ਵਿੱਚ ਗਮ ਤੇ ਗੁੱਸੇ ਦੀ ਜ਼ਬਰਦਸਤ ਲਹਿਰ ਪੈਦਾ ਹੋ ਚੁੱਕੀ ਸੀ। ਘਬਰਾਹਟ ਪੈਦਾ ਕਰਨ ਅਤੇ ਲੋਕਾਂ ਨੂੰ ਡਰਾਉਣ ਲਈ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਦੀਆਂ ਗਲੀਆਂ ਅਤੇ ਬਾਜ਼ਾਰਾਂ ਵਿਚ ਫੌਜ ਵਲੋਂ ਫਲੈਗ ਮਾਰਚ ਕੀਤਾ ਜਾ ਰਿਹਾ ਸੀ ।
ਪ੍ਰੰਤੂ ਸਰਦਾਰ ਹੁਕਮ ਸਿੰਘ ਨੇ ਹਾਲਾਤ ਨੂੰ ਕਾਬੂ ਵਿੱਚ ਰੱਖਣ ਲਈ ਉਹਨਾਂ ਨੂੰ ਸ਼ਾਂਤੀ ਰੱਖਣ ਅਤੇ ਸ਼ਬਦ ਪੜ੍ਹੀ ਜਾਣ ਲਈ ਕਿਹਾ, ਜਿਸ ਉਪਰ ਹਜ਼ਾਰਾਂ ਦੀ ਗਿਣਤੀ ਵਿਚ ਸਿੰਘ ਤੇ ਬੀਬੀਆਂ ਸਖ਼ਤ ਧੁੱਪ ਵਿੱਚ ਜੋੜਿਆਂ ਵਾਲੀ ਥਾਂ ਤੋਂ ਲੈ ਕੇ ਦੀਵਾਨ ਅਸਥਾਨ ਤੱਕ ਬੈਠ ਗਈਆਂ ਅਤੇ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਪੁਲੀਸ ਮੰਜੀ ਸਾਹਿਬ ਤੇ ਦਰਬਾਰ ਸਾਹਿਬ ਵੱਲ ਹੋਰ ਪੇਸ਼ਕਦਮੀ ਉਹਨਾਂ ਦੀਆਂ ਲਾਸ਼ਾਂ ਤੋਂ ਲੰਘ ਕੇ ਹੀ ਕਰ ਸਕਦੀ ਹੈ।
ਪੁਲੀਸ ਨੇ ਅੱਗੇ ਵਧਣਾ ਸ਼ੁਰੂ ਕਰ ਦਿੱਤਾ, ਪ੍ਰੰਤੂ ਸਾਰਾ ਰਾਹ ਸਿੰਘਾਂ ਤੇ ਸਿੰਘਣੀਆਂ ਨੇ ਰੋਕਿਆ ਹੋਇਆ ਸੀ। ਉਹ ਪੁਲੀਸ ਨੂੰ ਮੰਜੀ ਸਾਹਿਬ ਤੋਂ ਅੱਗੇ ਵੱਧਣ ਤੋਂ ਰੋਕਣ ਲਈ ਹਰ ਤਸ਼ੱਦਦ ਦਾ ਸ਼ਾਂਤਮਈ ਮੁਕਾਬਲਾ ਕਰਨ ਲਈ ਤਿਆਰ ਸਨ। ਪੁਲੀਸ ਨੇ ਅੱਗੇ ਵੱਧ ਕੇ ਗੈਸਾਂ ਤੇ ਡਾਂਗਾਂ ਦੀ ਵਰਤੋਂ ਕਰਨੀ ਸ਼ਕਰ ਦਿੱਤੀ । ਟੀਅਰ ਗੈਸ ਦਾ ਪਹਿਲਾ ਬੰਬ ਉਸ ਥਾਂ ਛੱਡਿਆ ਗਿਆ ਜਿੱਥੇ ਕਿ ਸੰਗਤਾਂ ਜੋੜੇ ਰੱਖਦੀਆਂ ਸਨ, ਜਿਸ ਨਾਲ ਭਗਦੜ ਮੱਚਣੀ ਕੁਦਰਤੀ ਸੀ, ਫੇਰ ਵੀ ਬੈਠੇ ਹੋਏ ਸਿੰਘ ਤੇ ਬੀਬੀਆਂ ਡਟੇ ਰਹੇ। ਪੁਲੀਸ ਨੇ ਉਹਨਾਂ ਨੂੰ ਉੱਥੋਂ ਹਟਾਉਣ ਲਈ ਬਹੁਤ ਸਾਰੇ ਹੋਰ ਟੀਅਰ ਗੈਸ ਦੇ ਬੰਬ ਸੁੱਟੇ ਅਤੇ ਅੰਧਾਧੁੰਦ ਲਾਠੀਚਾਰਜ ਕਰਨਾ ਸ਼ਕਰ ਦਿੱਤਾ। ਇਸ ਤਰ੍ਹਾਂ ਤਸ਼ੱਦਦ ਕਰਦੀ ਹੋਈ ਪੁਲੀਸ ਮੰਜੀ ਸਾਹਿਬ ਦੇ ਦੀਵਾਨ ਸਥਾਨ ਪੁਰ ਪੁੱਜ ਗਈ ਅਤੇ ਉੱਥੇ ਭੀ ਅੰਧਾਧੁੰਦ ਗੈਸੀ ਗੋਲੇ ਛੱਡੇ ਤੇ ਲਾਠੀਚਾਰਜ ਕੀਤਾ। ਬਹੁਤ ਸਾਰੇ ਲੋਕ ਪੁਲੀਸ ਦੇ ਇਸ ਤਸ਼ੱਦਦ ਨਾਲ ਜ਼ਖ਼ਮੀ ਹੋਏ। ਪੁਲੀਸ ਨੇ ਸੰਗਤਾਂ ਨੂੰ ਸ਼੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵੱਲ ਪਿੱਛੇ ਹਟਾਉਣ ਸ਼ਕਰ ਦਿੱਤਾ। ਵੱਡੇ ਦਰਵਾਜ਼ੇ ਦੇ ਅੰਦਰ ਹੋ ਕੇ ਸੰਗਤਾਂ ਫਿਰ ਡੱਟ ਗਈਆਂ। ਦੂਜੇ ਪਾਸੇ ਮਹਾਸ਼ਾ ਅਸ਼ਵਨੀ ਕੁਮਾਰ ਅੱਜ ਆਪਣੀ ਆਈ ਪੁਰ ਆਏ ਹੋਏ ਸਨ। ਮੰਜੀ ਸਾਹਿਬ ਤੇ ਸ਼੍ਰੀ ਦਰਬਾਰ ਸਾਹਿਬ ਦੇ ਸਤਿਕਾਰ ਦੀ ਰਤਾ ਵੀ ਪ੍ਰਵਾਹ ਨਾ ਕਰ ਕੇ ਉਸ ਨੇ ਪੁਲੀਸ ਨੂੰ ਆਪਣਾ ਤਸ਼ੱਦਦ ਜਾਰੀ ਰੱਖਣ ਦਾ ਹੁਕਮ ਦਿੱਤਾ। ਉਸ ਨੇ ਕਿਹਾ ਪੁਲੀਸ ਉਪਰ ਪ੍ਰਕਰਮਾ ਵਿਚੋਂ ਇੱਟਾ ਪਈਆਂ ਹਨ। ਉਸ ਦਾ ਰਵੱਈਆਂ ਇਸ ਸਮੇਂ ਬਹੁਤ ਹੀ ਅਜੀਬ ਸੀ। ਉਹ ਕਦੇ ਇਹ ਕਹਿੰਦਾ ਕਿ ਇੱਟਾਂ-ਪੱਥਰ ਵੱਜ ਰਹੇ ਹਨ ਤੇ ਕਦੇ ਕਹਿੰਦਾ ਕਿ ਅੰਦਰੋਂ ਪੁਲੀਸ ਉਪਰ ਪਿਸਤੌਲ ਨਾਲ ਸੱਤ ਗੋਲੀਆਂ ਚਲਾਈਆਂ ਗਈਆਂ ਹਨ। ਪ੍ਰੰਤੂ ਗੋਲੀ ਨਾਲ ਕਿਸੇ ਪੁਲੀਸੀਏ ਨੂੰ ਜ਼ਖ਼ਮ ਨਹੀਂ ਆਇਆ, ਜਿਸ ਤਰ੍ਹਾਂ ਉਹ ਗੋਲੀਆਂ ਨਹੀਂ, ਫੁੱਲ ਹੋਣ। ਜਿੱਥੋਂ ਤੱਕ ਇੱਟਾਂ-ਵੱਟਿਆਂ ਦਾ ਸਬੰਧ ਹੈ, ਹੋ ਸਕਦਾ ਹੈ ਕਿ ਭੜਕੀ ਹੋਈ ਭੀੜ ਵਿੱਚੋ ਕਿਸੇ ਨੇ ਕੋਈ ਮਾਰ ਦਿੱਤਾ ਹੋਵੇ, ਪ੍ਰੰਤੂ ਗੋਲੀਆਂ ਦੀ ਗੱਲ ਬਿਲਕੁਲ ਝੂਠੀ ਸੀ ਅਤੇ ਕੇਵਲ ਹੋਰ ਪੁਲੀਸ ਤਸ਼ੱਦਦ ਲਈ ਬਹਾਨਾ ਪ੍ਰਾਪਤ ਕਰਨ ਲਈ ਹੀ ਘੜੀ ਗਈ ਸੀ। ਪੁਲੀਸ ਸ਼੍ਰੀ ਗੁਰੂ ਰਾਮਦਾਸ ਲੰਗਰ, ਪ੍ਰਕਾਸ਼ ਅਸਥਾਨ ਅਤੇ ਉਸ ਦੇ ਅੱਗੇ ਸ਼੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਭਾਈ ਚੇਤ ਸਿੰਘ ਹੋਰਾਂ ਦੇ ਮਕਾਨ ਉਪਰ ਜਾ ਚੜ੍ਹੀ । ਗਿਆਨੀ ਚੇਤ ਸਿੰਘ ਹੁਰਾਂ ਦੇ ਮਕਾਨ ਵਿੱਚ ਵੀ ਟੀਅਰ ਗੈਸ ਦੇ ਬੰਬ ਸੁੱਟੇ ਗਏ ਅਤੇ ਉਹਨਾਂ ਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਪ੍ਰੇਸ਼ਾਨ ਬੇਇੱਜ਼ਤ ਕਰਕੇ ਮਕਾਨ ਵਿਚੋਂ ਕੱਢ ਦਿੱਤਾ ਗਿਆ। ਉਕਤ ਤਿੰਨ ਥਾਵਾਂ ਤੋਂ ਖੜ੍ਹੇ ਹੋ ਕੇ ਪੁਲੀਸ ਅਫਸਰਾਂ ਤੇ ਸਿਪਾਹੀਆਂ ਨੇ ਸ਼੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾ ਵਿੱਚ ਟੀਅਰ ਗੈਸ ਦੇ ਬੰਬ ਸੁੱਟੇ, ਗੋਲੀਆਂ ਚਲਾਈਆਂ ਅਤੇ ਇੱਟਾਂ-ਪੱਥਰ ਵੀ ਮਾਰੇ।
ਇਹ ਗੱਲ ਪਹਿਲੀ ਵਾਰ ਵੇਖੀ ਗਈ ਕਿ ਪੁਲੀਸ ਵਾਲੇ ਆਮ ਲੋਕਾਂ ਨੂੰ ਇੱਟਾ-ਵੱਟੇ ਵੀ ਮਾਰਿਆ ਕਰਦੇ ਹਨ। ਇਸ ਧੱਕਮ-ਧੱਕੀ ਵਿੱਚ ਪ੍ਰਕਰਮਾ ਵਿੱਚ ਇਕ ਦੀਵਾਰ ਡਿੱਗ ਪਈ, ਜਿਸ ਦੇ ਹੇਠਾਂ ਆ ਕੇ ਬਹੁਤ ਸਾਰੇ ਲੋਕ ਜ਼ਖ਼ਮੀ ਹੋਏ। ਜੋ ਗੋਲੀਆਂ ਚਲਾਈਆ ਗਈਆਂ, ਉਹਨਾਂ ਨਾਲ ਵੀ ਕਈ ਸਿੰਘ ਜ਼ਖ਼ਮੀ ਹੋਏ, ਜੋ ਹਸਪਤਾਲ ਦਾਖਲ ਕੀਤੇ ਗਏ। ਸ਼੍ਰ੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ਼ ਅਜਾਇਬ ਸਿੰਘ ਨੇ ਪ੍ਰੈੱਸ ਦੇ ਨਾਮ ਇੱਕ ਬਿਆਨ ਵਿੱਚ ਦੱਸਿਆ ਕਿ ਘੱਟੋ-ਘੱਟ ਦੋ ਸਿੱਖ ਪੁਲੀਸ ਦੀਆਂ ਗੋਲੀਆਂ ਨਾਲ ਮਰ ਗਏ ਹਨ, ਜਿਸ ਦੀ ਸਰਕਾਰ ਜਾਂ ਪੁਲੀਸ ਵਲੋਂ ਕੋਈ ਤਰਦੀਦ ਨਾ ਕੀਤੀ ਗਈ ।
ਗੈਸੀ ਗੋਲੇ ਪ੍ਰਕਰਮਾ ਵਿੱਚ ਅੰਧਾਧੁੰਦ ਛੱਡੇ ਗਏ । ਗੈਸ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਹੇਠਲੀ ਅਤੇ ਉਤਲੀ ਮੰਜ਼ਲ ਵਿਚ ਵੀ ਪੁੱਜ ਗਈ ਤੇ ਕੀਰਤਨ ਤੇ ਅਖੰਡ ਪਾਠ ਕਰਨ ਵਾਲਿਆਂ ਨੂੰ ਬੜੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ । ਗੋਲੀਆਂ ਦੀ ਮਾਰ ਸ਼੍ਰੀ ਅਕਾਲ ਤਖਤ ਸਾਹਿਬ ਤੱਕ ਗਈ । ਜਿਨ੍ਹਾਂ ਦੇ ਨਿਸ਼ਾਨੇ ਮਗਰੋਂ ਵੀ ਕੰਧਾਂ ਵਿਚ ਲੱਗੇ ਹੋਏ ਸਾਫ਼ ਨਜ਼ਰ ਆਉਂਦੇ ਰਹੇ ।
ਮਹਾਸ਼ਾ ਅਸ਼ਵਨੀ ਕੁਮਾਰ ਨੇ ਮੁਗ਼ਲ ਰਾਜ ਦੇ ਪਿੱਛੋਂ ਪਹਿਲੀ ਵਾਰ ਸ਼੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਭੰਗ ਕੀਤੀ ਅਤੇ ਉਹ ਅੱਤਿਆਚਾਰ ਕੀਤੇ ਕਿ ਜਿਸ ਨਾਲ ਸਾਰਾ ਸਿੱਖ ਜਗਤ ਤੜਪ ਉਠਿਆ
Previous
Next Post »
navigation