ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਇਸ ਵੈਬਸਾਈਟ ਦੀ ਸੇਵਾ ਕਰਦਿਆ ਦਾਸ ਪਾਸੋ ਗਲਤੀਆਂ ਹੋ ਜਾਣਾ ਸੁਭਾਵਿਕ ਹੈ, ਆਪ ਜੀ ਦੇ ਚਰਨਾ ਪਾਸ ਬੇਨਤੀ ਹੈ ਦਾਸ ਨੂੰ ਹੋਈ ਗਲਤੀ ਬਾਰੇ ਅਤੇ ਸੁਝਾਵ ਦੇਣ ਲਈ ਇਸ ਈ-ਮੇਲ ਤੇ ਸੰਪਰਕ ਕਰਨਾ ਜੀ sikhtera.info@gmail.com

ਭਾਈ ਗੁਰਦਾਸ ਜੀ


ਭਾਈ ਗੁਰਦਾਸ ਜੀ


ਸਿਖ ਇਤਿਹਾਸ ਦੇ ਮਹਾਨ ਵਿਅਕਤੀ ਭਾਈ ਗੁਰਦਾਸ ਜੀ ਸੰਸਕ੍ਰਿਤ, ਹਿੰਦੀ, ਫਾਰਸੀ, ਤੇ ਪੰਜਾਬੀ ਦੇ ਉੱਘੇ ਵਿਦਵਾਨ, ਸ਼ਾਸਤਰਾਂ, ਉਪਨਿਸ਼ਦਾਂ ਤੇ ਪੁਰਾਣਾਂ ਦੇ ਚੰਗੇ ਜਾਣੂੰ, ਪੰਜਾਬੀ ਤੇ ਹਿੰਦੀ ਦੇ ਮਹਾਨ ਕਵੀ, ਗੁਰਬਾਣੀ ਦੇ ਪ੍ਰਸਿੱਧ ਵਿਆਖਿਆਕਾਰ, ਪੱਕੇ ਸ਼ਰਧਾਲੂ ਗੁਰਸਿੱਖ ਅਤੇ ਗੁਰ-ਸਿੱਖੀ ਦੇ ਉੱਘੇ ਸਫਲ ਪ੍ਰਚਾਰਕ ਹੋਏ ਹਨ। ਉਹ ਸ੍ਰੀ ਗੁਰੂ ਅਮਰਦਾਸ ਜੀ ਦੇ ਭਤੀਜੇ ਸਨ। ਆਪ ਦੇ ਜਨਮ ਦਾ ਦਿਨ ਜਾਂ ਸੰਮਤ ਕਿਸੇ ਪੁਰਾਣੀ ਲਿਖਤ ਤੋਂ ਨਹੀ ਮਿਲਦਾ। ਇਹ ਵੀ ਪੱਕੀ ਤਰ੍ਹਾਂ ਨਹੀ ਕਿਹਾ ਜਾ ਸਕਦਾ ਕਿ ਇਨ੍ਹਾਂ ਦਾ ਜਨਮ ਆਪਣੇ ਦਾਦਕੇ ਪਿੰਡ ਬਾਸਰਕੇ (ਅੰਮ੍ਰਿਤਸਰ) ਵਿੱਚ ਹੋਇਆ ਜਾਂ ਗੋਇੰਦਵਾਲ ਵਿੱਚ, ਜਿਥੇ ਸ੍ਰੀ ਗੁਰੂ ਅਮਰਦਾਸ ਜੀ ਆਪਣੇ ਪ੍ਰਵਾਰ ਤੇ ਭਰਾਵਾਂ ਭਤੀਜਿਆਂ ਸਮੇਤ ਆ ਵੱਸੇਸ ਨ। ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਆਗਿਆ ਅਨੁਸਾਰ ਸੰਮਤ ੧੬੦੬ ਦੇ ਕਰੀਬ ਗੋਂਦਵਾਲ ਵਸਾਇਆ ਸੀ।ਅਨੁਮਾਨ ਇਹ ਲੱਗਦਾ ਹੈ ਕਿ ਭਾਈ ਸਾਹਿਬ ਦਾ ਜਨਮ ਸੰ:੧੬੦੦ ਤੋਂ ੧੬੧੦ ਦੇ ਵਿੱਚ-ਵਿੱਚ ਕਿਸੇ ਸਾਲ, ਬਾਸਰਕੇ ਜਾਂ ਗੋਂਦਵਾਲ ਵਿੱਚ ਹੋਇਆ। ਆਪ ਦੇ ਪਿਤਾ ਦਾ ਨਾਂ 'ਦਾਤਾਰ ਚੰਦ' ਦੱਸੀਦਾ ਹੈ।ਆਪ ਦੇ ਬਚਪਨ ਤੇ ਜਵਾਨੀ ਬਾਰੇ ਦੇ ਹਾਲ ਨਹੀ ਮਿਲਦੇ। ਪਰ ਇਹ ਗੱਲ ਯਕੀਨੀ ਹੈ ਕਿ ਆਪ ਦੀ ਪਾਲਣਾ-ਪੋਸਣਾ ਅਤੇ ਵਿਦਿਆ ਗੋਇੰਦਵਾਲ ਵਿੱਚ ਗੁਰੂ ਜੀ ਦੇ ਅਸਰ-ਪ੍ਰਭਾਵ ਹੇਠ ਅਤੇ ਸਤਿਸੰਗ ਦੇ ਮੰਡਲ ਵਿੱਚ ਹੋਈ। ਆਪ ਜੀ ਦੀਆਂ ਰਚਨਾਵਾਂ ਵਾਰਾਂ ਅਤੇ ਕਬਿੱਤ-ਸਵੱਈਏ ਸਪੱਸ਼ਟ ਕਰਦੀਆਂ ਹਨ ਕਿ ਆਪ ਸੰਸਕ੍ਰਿਤ, ਹਿੰਦੀ, ਫਾਰਸੀ ਤੇ ਪੰਜਾਬੀ ਦੇ ਵਿਦਵਾਨ ਅਤੇ ਹਿੰਦੂ ਧਰਮ-ਗ੍ਰੰਥਾਂ ਅਤੇ ਗੁਰਬਾਣੀ ਦੇ ਚੰਗੇ ਜਾਣੂੰ ਸਨ।

                       ਸ੍ਰੀ ਗੁਰੂ ਅਮਰਦਾਸ ਜੀ ਦੀ ਹਜ਼ੂਰੀ ਵਿੱਚ ਪਾਲੇ-ਪੋਸੇ ਤੇ ਪੜ੍ਹਾਏ ਸਿਖਾਏ ਜਾਣ ਕਰ ਕੇ ਆਪ ਨੂੰ ਗੁਰਸਿੱਖੀ ਦੀ ਪਾਹ ਤਾਂ ਮੁੱਢ ਤੋਂ ਹੀ ਲੱਗ ਜਾਣੀ ਸਾਧਾਰਨ ਤੇ ਜ਼ਰੂਰੀ ਗੱਲ ਸੀ। ਇਸ ਕਰ ਕੇ ਇਕ ਰਵਾਇਤ ਮੂਜਬ ਆਪ ਉੱਪਰ ਤੀਜੀ ਪਾਤਸ਼ਾਹੀ ਦੀ ਮੇਹਰ ਹੋਈ। ਆਪ ਨੂੰ ਗੁਰ-ਸਿੱਖੀ ਦਾ ਦਾਨ ਮਿਲਿਆ ਅਤੇ ਆਪ ਚੰਬੇ, ਜੰਮੂ ਆਦਿ ਪਹਾੜੀ ਇਲਾਕੇ ਵਿੱਚ ਗੁਰਸਿੱਖੀ ਦੇ ਪ੍ਰਚਾਰ ਲਈ ਘੱਲੇ ਗਏ। ਜਦ ਤੀਜੇ ਪਾਤਸ਼ਾਹ ਜੋਤੀ-ਜੋਤਿ ਸਮਾਅ ਗਏ, ਤਾਂ ਭਾਈ ਗੁਰਦਾਸ ਜੀ ਉਧਰੋਂ ਵਾਪਸ ਆਏ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੀ ਚਰਨ-ਸ਼ਰਨ ਆ ਹਾਜ਼ਰ ਹੋਏ। ਗੁਰੂ ਜੀ ਨੇ ਹੋਰ ਮੇਹਰ ਕੀਤੀ ਅਤੇ ਇਨ੍ਹਾਂ ਨੂੰ ਪੂਰਨ ਗੁਰਮੁਖ ਬਣਾ ਦਿੱਤਾ। ਫੇਰ ਗੁਰੂ ਜੀ ਨੇ ਆਗਿਆ ਕੀਤੀ, ਕਿ ਜਾਓ ਆਗਰੇ ਅਤੇ ਪੂਰਬ ਵਲ ਸਿੱਖੀ ਦੀ ਸੰਭਾਲ ਕਰੋ। ਇਸ ਤਰ੍ਹਾਂ ਆਪ ਗੁਰਸਿੱਖੀ ਦੇ ਪ੍ਰਚਾਰਕ ਹੋ ਕੇ ਆਗਰੇ ਚਲੇ ਗਏ। ਇਹ ਕੰੰਮ ਇਨ੍ਹਾਂ ਨੇ ਬੜੀ ਯੋਗਤਾ ਅਤੇ ਸਫਲਤਾ ਸਹਿਤ ਨਿਭਾਇਆ।
                      ਸ੍ਰੀ ਗੁਰੂ ਰਾਮਦਾਸ ਜੀ ਦੇ ਜੋਤੀ ਜੋਤਿ ਸਮਾਉਣ ਵੇਲੇ ਆਪ ਆਗਰੇ ਸਨ। ਇਹ ਖਬਰ ਸੁਣ ਕੇ ਉਹ ਪੰਜਵੀਂ ਪਾਤਸ਼ਾਹੀ ਦੇ ਦਰਸ਼ਨ ਕਰਨ ਵਾਸਤੇ ਅੰਮ੍ਰਿਤਸਰ ਆਏ। ਉਨ੍ਹਾਂ ਨੇ ਆ ਕੇ ਵੇਖਿਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ, ਪਿਰਥੀਆ ਬਹੁਤ ਖਰਾਬੀ ਕਰ ਰਿਹਾ ਹੈ ਅੰਮ੍ਰਿਤਸਰ ਦੀ ਆਮਦਨ, ਜ਼ਮੀਨ ਤੇ ਖੂਹਾਂ ਦੀ ਪੈਦਾਵਾਰ, ਸੰਗਤਾਂ ਵਲੋਂ ਆਇਆ ਹੋਇਆ ਚੜ੍ਹਾਵਾ ਅਤੇ ਲੰਗਰ ਵਾਸਤੇ ਆਈ ਰਸਦ ਆਦਿ ਸਭ ਪਿਰਥੀਆ ਸੰਭਾਲ ਬੈਠਾ ਸੀ। ਹੁਣ ਹੋਰ ਚਾਲਾਕੀ ਕਰਦਾ ਸੀ।ਆਪਣੇ ਮਸੰਦਾਂ ਦੀ ਮਦੱਦ, ਵਸੀਲੇ ਨਾਲ ਉਹ ਬਾਹਰੋਂ ਆਈਆਂ ਸੰਗਤਾਂ ਪਾਸੋਂ ਚੜ੍ਹਾਵਾ ਤਾਂ ਆਪ ਲੈ ਲਿਆ ਕਰੇ ਅਤੇ ਪ੍ਰਸ਼ਾਦ ਪਾਣੀ ਲਈ ਉਨ੍ਹਾਂ ਨੂੰ ਗੁਰੂ ਕੇ ਲੰਗਰ ਭੇਜ ਦਿਆ ਕਰੇ। ਗੁਰੂ ਜੀ ਪਾਸ ਜੋ ਕੁਝ ਹੈ ਸੀ, ਉਹ ਆਪ ਨੇ ਲੰਗਰ ਵਿੱਚ ਖਰਚ ਕਰ ਦਿੱਤਾ। ਫੇਰ ਰਸਦ ਤੇ ਮਾਇਆ ਦੀ ਥੁੜ੍ਹ ਕਰ ਕੇ ਤੰਗੀ ਆ ਗਈ  ਜਿਸ ਕਰ ਕੇ ਗੁਰੂ ਜੀ ਤੇ ਮਾਤਾ ਜੀ ਨੂੰ ਕਈ ਵੇਰ ਛੋਲੇ ਚੱਬ ਕੇ ਤੇ ਕਈ ਵੇਰ ਫਾਕੇ ਕੱਟ ਕੇ ਗੁਜ਼ਾਰਾ ਕਰਨਾ ਪਵੇ, ਪਰ ਆਪ ਸਭ ਕੁਝ ਸ਼ਾਂਤ ਅਤੇ ਅਡੋਲ ਰਹਿ ਕੇ ਝੱਲੀ ਜਾ ਰਹੇ ਸਨ।
                ਜਾਂ ਭਾਈ ਗੁਰਦਾਸ ਜੀ ਨੇ ਇਹ ਹਾਲਤ ਤੱਕੀ, ਤਾਂ ਉਹ ਬੜੇ ਦੁਖੀ ਹੋਏ। ਆਪ ਨੇ ਮੁਖੀ ਸਿੱਖਾਂ ਬਾਬਾ ਬੁੱਢਾ ਜੀ, ਭਾਈ ਸਾਹਲੋ ਜੀ, ਭਾਈ ਪੈੜਾ ਜੀ ਆਦਿ ਨਾਲ ਸਲਾਹ ਕੀਤੀ ਅਤੇ ਉਪਾਅ ਸੋਚੇ। ਮੁਖੀ ਸਿੱਖ ਨਗਰੀ ਨੂੰ ਆਉਣ ਵਾਲੇ ਰਾਹਾਂ ਉਤੇ ਖਲਿਹਾਰੇ ਗਏ, ਤਾਂ ਜੁ ਬਾਹਰੋਂ ਆਉਣ ਵਾਲੀਆਂ ਸੰਗਤਾਂ ਨੂੰ ਅਸਲੀ ਗੱਲ ਦੱਸੀ ਜਾਵੇ। ਭਾਈ ਸਾਹਿਬ ਆਪ ਉਸ ਥਾਂ ਬੈਠ ਗਏ, ਜਿਥੇ ਗੁਰਦੁਆਰਾ ਪਿੱਪਲੀ ਸਾਹਿਬ ਹੈ। ਸੰਗਤਾਂ ਨੂੰ ਅਸਲੀਅਤ ਸਮਝਾਈ ਗਈ। ਛੇਤੀ ਹੀ ਸੰਗਤਾਂ ਨੂੰ ਪਿਰਥੀਏ ਦੀ ਚਲਾਕੀ ਤੇ ਬੇਈਮਾਨੀ ਦਾ ਪਤਾ ਲੱਗ ਗਿਆ। ਸੰਗਤਾਂ ਵਿੱਚ ਉਸ ਦੇ ਵਿਰੁੱਧ ਨਫ਼ਰਤ ਫੈਲ ਗਈ ਤੇ ਉਸ ਦਾ ਤੇਜ ਘਟਦਾ-ਘਟਦਾ ਖਤਮ ਹੋ ਗਿਆ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਤਾਪ ਦਿਨੋਂ-ਦਿਨ ਵਧਣ ਲੱਗ ਪਿਆ। ਇਸ ਤੋਂ ਮਗਰੋਂ ਗੁਰੂ ਜੀ ਦੀ ਆਗਿਆ ਵਿੱਚ ਭਾਈ ਗੁਰਦਾਸ ਜੀ ਗੁਰਸਿੱਖੀ ਦੇ ਪ੍ਰਚਾਰ ਵਾਸਤੇ ਚਲੇ ਗਏ। ਆਪ ਨੇ ਆਗਰੇ, ਲਾਹੌਰ ਅਤੇ ਮਗਰੋਂ ਕਾਂਸ਼ੀ ਜਿਹੇ ਥਾਵਾਂ ਵਿੱਚ ਸਿੱਖ ਧਰਮ ਦਾ ਸੋਹਣਾ ਪ੍ਰਚਾਰ ਕੀਤਾ।
                    ਜਦ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਰਚਣ ਦਾ ਇਰਾਦਾ ਕੀਤਾ, ਤਾਂ ਆਪ ਨੇ ਭਾਈ ਗੁਰਦਾਸ ਜੀ ਨੂੰ ਆਪਣੀ ਹਜ਼ੂਰੀ ਵਿੱਚ ਸੱਦਾ ਲਿਆ। ਗੁਰਬਾਣੀ ਇਕੱਠੀ ਕਰਨ, ਉਸ ਨੂੰ ਗੁਰੂ ਜੀ ਦੀ ਆਗਿਆ ਮੂਜ਼ਬ ਤਰਤੀਬ ਸਿਰ ਕਰਨ ਵਿੱਚ ਭਾਈ ਸਾਹਿਬ ਜੀ ਨੇ ਚੋਖੀ ਸੇਵਾ ਸਹਾਇਤਾ ਕੀਤੀ। ਗੁਰਬਾਣੀ ਦੀਆਂ ਜਿਹੜੀਆਂ ਸੈਂਚੀਆਂ ਸ੍ਰੀ ਗੁਰੂ ਅਮਰਦਾਸ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਮੋਹਨ ਜੀ ਪਾਸ ਗੋਇੰਦਵਾਲ ਸਨ, ਉਨ੍ਹਾਂ ਨੂੰ ਬਾਬਾ ਜੀ ਪਾਸੋਂ ਲੈਣ-ਲਿਆਉਣ ਵਾਸਤੇ ਪਹਿਲਾਂ ਭਾਈ ਗੁਰਦਾਸ ਜੀ ਗੋਇੰਦਵਾਲ ਗਏ। ਆਪ ਸਾਰੀ ਰਾਤ ਬਾਬਾ ਮੋਹਨ ਜੀ ਦੇ ਬੂਹੇ ਅੱਗੇ ਖੜ੍ਹੇ ਦਰਵਾਜਾ ਖੜਕਾਉਂਦੇ ਅਤੇ ਅਦਬ ਸਹਿਤ ਅਵਾਜਾਂ ਮਾਰਦੇ ਰਹੇ,ਪਰ ਬਾਬਾ ਜੀ ਨੇ ਬੂਹਾ ਨਾ ਖੋਲ੍ਹਿਆ। ਉਹ ਅੰਮ੍ਰਿਤਸਰ ਵਾਪਸ ਚਲੇ ਗਏ
                    ਜਦ ਸ੍ਰੀ ਗੁਰੂ ਸਾਹਿਬ ਵਿੱਚ ਚਾੜ੍ਹਨ ਵਾਲੀ ਬਾਣੀ ਦੀ ਚੋਣ ਹੋ ਰਹੀ ਸੀ, ਤਾਂ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਨੂੰ ਕਿਹਾ, ਕਿ "ਲਿਆਓ ਤੁਹਾਡੀ ਰਚਨਾ ਵੀ ਚਾੜ੍ਹ ਦੇਈਏ।" ਪਰ ਭਾਈ ਜੀ ਨੇ ਬੇਨਤੀ ਕੀਤੀ, "ਮਹਾਰਾਜ! ਰਾਜ ਦੀ ਤੁੱਛ ਰਚਨਾ ਇਸ ਯੋਗ ਨਹੀਂ। ਉਨ੍ਹਾਂ ਦੀ ਇਹ ਨਿੰਮ੍ਰਤਾ ਤੇ ਨਿਰਮਾਣਤਾ ਦੇਖ ਕੇ ਗੁਰੂ ਜੀ ਬੜੇ ਪ੍ਰਸੰਨ ਹੋਏ। ਆਪ ਨੇ ਫ਼ੁਰਮਾਇਆ, ਕਿ "ਤੁਹਾਡੀ ਰਚਨਾ ਗੁਰਬਾਣੀ ਦੀ ਕੁੰਜੀ ਹੋਵੇਗੀ।" ਇਸ ਦੇ ਪੜ੍ਹਨ ਨਾਲ ਗੁਰਬਾਣੀ ਦੀ ਪੂਰੀ-ਪੂਰੀ ਸਮਝ ਆ ਜਾਂਦੀ ਹੈ ਅਤੇ ਗੁਰਸਿੱਖੀ ਦਾ ਪੂਰਨ ਗਿਆਨ ਪ੍ਰਾਪਤ ਹੁੰਦਾ ਹੈ। ਇਸ ਤੋਂ ਮਗਰੋਂ ਗੁਰੂ ਜੀ ਦੀ ਮੌਜੂਦਗੀ ਤੇ ਨਿਗਰਾਨੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬੀੜ ਦੀ ਲਿਖਾਈ ਭਾਈ ਸਾਹਿਬ ਨੇ ਆਪਣੀ ਕਲਮ ਨਾਲ ਕੀਤੀ। ਇਸ ਸੇਵਾ ਵਿੱਚ ਭਾਈ ਹੋਰਾਂ ਨੇ ਕਈ ਸਾਲ ਚੋਖੀ ਮਿਹਨਤ ਕੀਤੀ। ਭਾਈ ਗੁਰਦਾਸ ਜੀ ਨੇ ਬਹੁਤ ਸਾਰੀ ਬਾਣੀ ਰਚੀ- ੮੦ਵਾਰਾਂ ਅਤੇ ੫੫੬ ਕਬਿੱਤ ਸਵੱਈਏ ਆਦਿ। ਇਹ ਬਾਣੀ ਸਿੱਖ ਧਰਮ ਦੇ ਨੇਮਾਂ-ਸਿਧਾਂਤਾਂ ਦਾ ਵਧੀਆ ਭੰਡਾਰ ਹੈ।ਵਾਰਾਂ ਸੋਹਣੀ ਠੇਠ ਪੰਜਾਬੀ ਬੋਲੀ ਵਿੱਚ ਹਨ। ਕਬਿੱਤ-ਸਵੱਈਆਂ ਦੀ ਬੋਲੀ ਸੁੰਦਰ ਮੁਹਾਵਰੇਦਾਰ ਰਹਿੰਦੀ ਹੈ। ਆਪ ਨੇ ਆਪਣੀ ਰਚਨਾ ਵਿੱਚ ਗੁਰਬਾਣੀ ਦੀ ਅਜਿਹੀ ਸੁੰਦਰ ਵਿਆਖਿਆ ਕੀਤੀ ਹੈ ਕਿ ਇਸ ਨੂੰ ਪੜ੍ਹਨ ਨਾਲ ਗੁਰਮਤਿ ਤੇ ਗੁਰਬਾਣੀ ਦੇ ਕਈ ਗੁੱਝੇ ਭਾਵ ਆਪਣੇ ਆਪ ਹੀ ਪਾਠਕਾਂ ਦੇ ਹਿਰਦੇ ਵਿੱਚ ਬਹਿ ਜਾਂਦੇ ਹਨ। ਇਸ ਕਰ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਰਚਨਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ 'ਕੁੰਜੀ' ਕਹਿ ਕੇ ਨਿਵਾਜਿਆ ਸੀ।
                        ਭਾਈ ਗੁਰਦਾਸ ਜੀ ਨੇ ਤੀਜੀ ਪਾਤਸ਼ਾਹੀ ਤੋਂ ਲੈ ਕੇ ਛੇਵੀਂ ਪਾਤਸ਼ਾਹੀ ਤੀਕ ਸਤਿਗੁਰਾਂ ਦੀ ਹਜ਼ੂਰੀ ਦਾ ਰਸ ਮਾਣਿਆ।

Previous
Next Post »
navigation