ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਇਸ ਵੈਬਸਾਈਟ ਦੀ ਸੇਵਾ ਕਰਦਿਆ ਦਾਸ ਪਾਸੋ ਗਲਤੀਆਂ ਹੋ ਜਾਣਾ ਸੁਭਾਵਿਕ ਹੈ, ਆਪ ਜੀ ਦੇ ਚਰਨਾ ਪਾਸ ਬੇਨਤੀ ਹੈ ਦਾਸ ਨੂੰ ਹੋਈ ਗਲਤੀ ਬਾਰੇ ਅਤੇ ਸੁਝਾਵ ਦੇਣ ਲਈ ਇਸ ਈ-ਮੇਲ ਤੇ ਸੰਪਰਕ ਕਰਨਾ ਜੀ sikhtera.info@gmail.com

ਭਾਈ ਮਰਦਾਨਾ ਜੀ


ਭਾਈ ਮਰਦਾਨਾ ਜੀ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਰਬਾਬੀ ਸਿੱਖ ਅਤੇ ਦੇਸ਼ ਦੇਸਾਂਤਾਂ੍ਰ ਵਿਚ ਆਪ ਦੇ ਲੰਮੇ-ਲੰਮੇ ਸਫਰਾਂ ਦਾ ਸਾਥੀ, ਭਾਈ ਮਰਦਾਨਾ ਜਾਤ ਦਾ ਮਿਰਾਸੀ ਅਤੇ ਗੁਰੂ ਜੀ ਦਾ ਗਿਰਾਈਂ ਜਾਂ ਪਿੰਡ-ਭਾਈ ਸੀ।ਉਹ ਲੱਖੋ ਦੀ ਕੁੱਖੋਂ ਬਾਦਰੇ ਮਿਰਾਸੀ ਦੇ ਘਰ ਸੰਮਤ ੧੫੧੬ ਵਿੱਚ ਰਾਇ ਭੋਇ ਦੀ ਤਲਵੰਡੀ (ਸ੍ਰੀ ਨਨਕਾਣਾ ਸਾਹਿਬ) ਵਿੱਚ ਪੈਦਾ ਹੋਇਆ। ਗੁਰੂ ਜੀ ਦਾ ਅਵਤਾਰ ਸੰਮਤ ੧੫੨੬ ਵਿੱਚ ਹੋਇਆ। ਇਸ ਕਰ ਕੇ ਭਾਈ ਮਰਦਾਨਾ ਉਮਰ ਵਿੱਚ ਆਪ ਨਾਲੋਂ ਦਸ ਕੁ ਸਾਲ ਵੱਡਾ ਸੀ।


ਗੁਰੂ ਜੀ ਦੇ ਘਰ ਦੇ ਮਿਰਾਸੀ ਦਾ ਪੁੱਤਰ ਹੋਣ ਕਰਕੇ ਉਹ ਗੁਰੂ ਜੀ ਦੀ ਬਾਲ-ਅਵਸਥਾ ਵਿੱਚ  ਸੇਵਾ-ਸੰਗਤ ਕਰਦਾ ਰਿਹਾ।ਇਸ ਤੋਂ ਉਸ ਦੇ ਮਨ ਵਿੱਚ ਆਪ ਜੀ ਲਈ ਡੂੰਘਾ ਸਤਿਕਾਰ ਤੇ ਪਿਆਰ ਪੈਦਾ ਹੋਇਆ।ਜਦ ਗੁਰੂ ਜੀ ਨੇ ਸੁਲਤਾਨਪੁਰ ਜਾ ਕੇ ਦੌਲਤ ਖਾਂ ਲੋਧੀ ਦਾ ਮੋਦੀ ਬਣਨ ਮਗਰੋਂ ਵਿਆਹ ਕਰਾਉਣਾ ਮੰਨਿਆ ਤਾਂ ਆਪ ਜੀ ਦੇ ਮਾਪਿਆਂ ਦੇ ਨਾਲ ਜਿਹੜੇ ਸੱਜਣ ਤਲਵੰਡੀਓਂ ਸੁਲਤਾਨਪੁਰ ਆਏ, ਮਰਦਾਨਾ ਉਨ੍ਹਾਂ ਵਿੱਚੋਂ ਇਕ ਸੀ।ਉਸ ਵੇਲੇ ਉਸ ਦੀ ਉਮਰ ੨੬-੩੦ ਸਾਲ ਦੀ ਸੀ।ਪਿਤਾ-ਪੁਰਖੀ ਕਿੱਤੇ ਮੂਜਬ ਉਸ ਨੇ ਮਹਿਤਾ ਜੀ ਦੇ ਘਰ ਦੀ ਵਿਰਤ ਸੰਭਾਲ ਲਈ ਹੋਈ ਸੀ।ਇਸ ਲਈ ਜਦ ਉਹ ਸੁਲਤਾਨਪੁਰ ਆਇਆ। ਉਹ ਘਰ ਦੇ ਮਿਰਾਸੀ ਅਤੇ ਗੁਰੂ ਸਾਹਿਬ ਜੀ ਦੇ ਬਚਪਨ ਦੇ ਸਾਥੀ ਮਿੱਤਰ ਦੀ ਦੋਹਰੀ ਹੈਸੀਅਤ ਵਿੱਚ ਆਇਆ। ਉਸ ਨੇ ਵਿਆਹ ਦੀ ਖੁਸ਼ੀ ਵਿੱਚ ਆਪ ਜੀ ਪਾਸੋਂ ਲਾਗ-ਦਾਨ ਵਜੋਂ ਕੁਝ ਮੰਗਿਆ। ਆਪ ਨੇ ਹੋਰ ਪਦਾਰਥਾਂ ਤੋਂ ਇਲਾਵਾ ਉਸ ਨੂੰ ਰਬਾਬ ਬਖਸ਼ੀ। ਮਿਰਾਸੀ ਪੁੱਤ ਹੋਣ ਕਰ ਕੇ ਰਾਗ-ਸੰਗੀਤ ਜਾਂ ਗਾਉਣ ਵਜਾਉਣ ਦਾ ਤਾਂ ਉਹ ਪਹਿਲਾਂ ਹੀ ਅਭਿਆਸੀ ਹੈ ਸੀ, ਕੁਦਰਤ ਵਲੋਂ ਉਸ ਨੂੰ ਸੁਰੀਲੀ, ਰਾਗ-ਮਈ ਆਵਾਜ਼ ਮਿਲੀ ਹੋਈ ਸੀ, ਉਤੋਂ ਗੁਰੂ ਜੀ ਨੇ ਮਿਹਰ ਦੀ ਬਖਸ਼ਸ਼ ਕੀਤੀ, ਉਸ ਨੂੰ ਆਪਣੇ ਇਲਾਹੀ ਗੀਤਾਂ ਦਾ ਕੀਰਤਨੀਆਂ ਰਬਾਬੀ ਬਣਾਇਆ। ਮਰਦਾਨਾ ਮਿਰਾਸੀ ਗੁਰੂ ਜੀ ਦਾ ਰਬਾਬੀ ਅਤੇ ਸਿੱਖ ਬਣ ਕੇ ਭਾਈ ਮਰਦਾਨਾ ਬਣ ਗਿਆ।
           ਜਦ ਗੁਰੂ ਜੀ ਸੁਲਤਾਨ ਪੁਰ ਛੱਡ ਕੇ ਪਹਿਲੀ ਉਦਾਸੀ 'ਤੇ ਚੜ੍ਹੇ ਤਾਂ ਮਰਦਾਨਾ ਆਪ ਜੀ ਦੇ ਨਾਲ ਸੀ।ਕੁਦਰਤ ਦੀ ਇਕਾਂਤ ਵਿੱਚ ਸੱਜਣ ਠੱਗ ਆਦਿ ਜਿਹਿਆਂ ਦੇ ਘਰਾਂ ਵਿੱਚ ਬਾਬਰ ਦੀ ਕੈਦ ਵਿੱਚ ਉਸ ਦੇ ਐਮਨਾਬਾਦ ਵਿੱਚ ਕਤਲਿਆਮ ਸਮੇਂ ਜਾਂ ਹੋਰ ਮੌਕੇ 'ਤੇ ਜਦ ਗੁਰੂ ਜੀ ਧੁਰ ਕੀ ਬਾਣੀ ਅਲਾਪਦੇ ਤਾਂ ਭਾਈ ਮਰਦਾਨਾ ਨਾਲ ਰਬਾਬ ਵਜਾਉਂਦਾ।
                    ਜਦ ਗੁਰੂ ਜੀ ਕਰਤਾਰ ਦੇ ਧਿਆਨ ਵਿੱਚ ਮਗਨ ਹੋ ਕੇ ਬੈਠਦੇ ਤਾਂ ਭਾਈ ਮਰਦਾਨਾ ਆਪ ਨੂੰ ਆਪ ਦੇ ਅਗਲੇ ਉਚਾਰੇ ਹੋਏ ਅਤੇ ਆਪਣੇ ਕੰਠ ਕੀਤੇ ਹੋਏ ਸ਼ਬਦਾਂ ਦਾ ਕੀਰਤਨ ਕਰ ਕੇ ਸੁਣਾਉਂਦਾ, ਜਦ ਗੁਰੂ ਜੀ ਸਮਾਧੀ ਵਿੱਚੋਂ ਉਤਰ ਕੇ ਕਹਿੰਦੇ: "ਮਰਦਾਨਿਆ! ਛੇੜ ਰਬਾਬ ਬਾਣੀ ਆਈ ਹੈ" ਤਾਂ ਉਹ ਆਪ ਹੀ ਸੈਨਤ ਸਮਝ ਕੇ ਆ ਰਹੀ ਬਾਣੀ ਦੇ ਰਾਗ ਅਨੁਸਾਰ ਰਬਾਬ ਵਜਾਉਣ ਲੱਗ ਪੈਂਦਾ।
                  ਗੁਰੂ ਜੀ ਦੇ ਸਫਰਾਂ ਸਮੇਂ ਆਪ ਦਾ ਸਾਥੀ, ਸੇਵਕ ਤੇ ਰਬਾਬੀ ਹੋਣ ਤੋਂ ਇਲਾਵਾ ਉਹ ਮਨੁੱਖੀ ਸੰਸਾਰ ਦੇ ਸੰਬਧਾਂ ਅਤੇ ਮਨੁੱਖੀ ਸਰੀਰ ਦੀਆਂ ਲੋੜਾਂ ਦਾ ਚਿਤਾਵਨੀਆ ਵੀ ਸੀ।ਜਦ ਨਾਮ ਦੇ ਆਧਾਰ ਉਤੇ ਕਿੰਨਾ ਕਿੰਨਾ ਚਿਰ ਅੰਨ-ਪਾਣੀ ਤੋਂ ਬਿਨਾਂ ਰਹਿ ਸਕਣ ਵਾਲੇ ਗੁਰੂ ਜੀ ਕਈ ਦਿਨ ਕਿਸੇ ਪਿੰਡ ਜਾਂ ਮਨੁੱਖੀ-ਵੱਸੋਂ ਦੇ ਨੇੜੇ ਨਾ ਜਾਂਦੇ ਅਤੇ ਉਜਾੜ ਬੀਆਬਾਨ ਵਿੱਚ ਮਗਨ ਹੋ ਕੇ ਬਹਿ ਜਾਂਦੇ ਤਾਂ ਭਾਈ ਮਰਦਾਨਾ ਆਪ ਨੂੰ ਮਨੁੱਖੀ-ਸਰੀਰ ਦੀਆਂ ਲੌੜਾਂ ਦਾ ਚੇਤਾ ਕਰਵਾਉਂਦਾ।
               ਅਜਿਹੇ ਹਨੋਰੇ ਸੁਣ ਕੇ ਗੁਰੂ ਜੀ ਵੱਸੋਂ ਵੱੱਲ ਨੂੰ ਜਾਂਦੇ, ਆਪ ਵੀ ਕੁਝ ਖਾਂਦੇ ਪੀਂਦੇ ਅਤੇ ਭਾਈ ਮਰਦਾਨੇ ਨੂੰ ਵੀ ਰਜਾਉਂਦੇ।
                  ਜਦ ਗੁਰੂ ਜੀ ਨੂੰ ਪਹਿਲੀ ਉਦਾਸੀ 'ਤੇ ਚੜ੍ਹਿਆਂ ਅਤੇ ਘਰੋਂ ਨਿਕਲਿਆਂ ਨੂੰ ਦਸ-ਯਾਰਾਂ ਵਰ੍ਹੇ ਹੋ ਜਾਂਦੇ ਹਨ ਤਾਂ ਭਾਈ ਮਰਦਾਨਾ ਆਪ ਨੂੰ ਕਹਿੰਦਾ ਹੈ: ਗੁਰੂ ਜੀ! ਤੁਸੀਂ ਤਾਂ ਸੰਸਾਰ ਦੇ ਮੋਹ ਪਿਆਰ ਮਲ-ਮਿੱਧ ਕੇ ਮਾਰ ਲਏ ਹੋਏ ਹਨ, ਤੁਹਾਨੂੰ ਤਾਂ ਨਾ ਮਾਤਾ ਪਿਤਾ ਦੀ ਖਿੱਚ ਧੂੰਹਦੀ ਹੈ, ਨਾ ਪੁੱਤਾਂ ਦਾ ਮੋਹ, ਨਾ ਪਿਆਰੀ ਭੈਣ ਬੇਬੇ ਨਾਨਕੀ ਦਾ ਤੇ ਨਾ ਲੜ-ਲੱਗੀ 'ਪਰਭਾਣੀ' ਦਾ ਪ੍ਰੇਮ ਹੀ ਖਿੱਚਦਾ ਹੈ, ਮੈਂ ਤਾਂ ਨਿਰਮੋਹ ਨਹੀ, ਮੈਂ ਤਾਂ ਸੰਸਾਰੀ ਬੰਦਾ ਹਾਂ। ਮੇਰਾ ਤਾਂ ਜੀਅ ਕਰਦਾ ਹੈ ਆਪਣੇ ਟੱਬਰ-ਕਬੀਲੇ ਤੇ ਸਾਕਾਂ-ਸਬੰਧੀਆਂ ਨੂੰ ਮਿਲਣ ਲਈ।ਚਲੋ ਹੁਣ ਪਾਉ ਵਤਨਾਂ ਵੱਲ ਫੇਰਾ। ਤੁਹਾਡੇ ਪਿਆਰੇ ਵੀ ਤੁਹਾਡੇ ਮਿਲਾਪ ਲਈ ਤਾਂਘਦੇ ਹਨ।
           ਗੁਰੂ ਜੀ ਦਾ ਨਿੱਤ ਦਾ ਸੰਗੀ ਅਤੇ ਆਪ ਦੀ ਮਿਹਰ ਦਾ ਪਾਤਰ ਹੋਣ ਕਰਕੇ ਮਰਦਾਨਾ ਸਿੱਖੀ ਅਸੂਲਾਂ 'ਤੇ ਰਹਿਤ ਦਾ ਚੰਗਾ ਜਾਣੂੰ ਤੇ ਅਭਿਆਸੀ ਹੋ ਗਿਆ, ਪਰ ਫਿਰ ਵੀ ਉਸ ਵਿੱਚ ਜਗਿਆਸੂਆਂ ਵਾਲਾ ਲਬ ਲਾਲਚ ਕਦੇ ਕਦੇ ਜਾਗ ਪੈਂਦਾ। ਜਦ ਜੰਗਲ ਵਿੱਚ 'ਭੁੱਖ-ਭੁੱਖ' ਕਰਦਾ ਹੈ ਤਾਂ ਗੁਰੂ ਜੀ ਕਹਿੰਦੇ ਹਨ, ਇਸ ਰੁੱਖ 'ਤੇ ਚੜ੍ਹ ਜਾ, ਇਸ ਦੇ ਫਲਾਂ ਨਾਲ ਢਿੱਡ ਭਰ ਲੈ, ਪਰ ਖੀਸਾ ਆਦਿ ਨਾ ਭਰੀਂ, ਕੁਝ ਪੱਲੇ ਨਾ ਬੰਨ੍ਹੀਂ" ਫਲ ਬੜੇ ਮਿੱਠੇ ਲੱਗਦੇ ਹਨ, ਮਰਦਾਨਾ ਰੱਜ ਕੇ ਖਾਂਦਾ ਹੈ ਤੇ ਕੁਝ ਪੱਲੇ ਵੀ ਬੰਨ੍ਹ ਲੈਂਦਾ ਹੈ। ਜਦ ਅਗਾਂਹ ਜਾ ਕੇ ਫਿਰ ਭੁੱਖ ਲਗਦੀ ਹੈ ਤਾਂ ਗੁਰੂ ਜੀ ਦੀ ਅੱਖ ਬਚਾ ਕੇ ਖਾਣ ਲਗਦਾ ਹੈ ਅਤੇ ਚੱਕਰ ਖਾ ਕੇ ਡਿੱਗ ਪੈਂਦਾ ਹੈ। ਆਪਣੀ ਭੁੱਲ ਮੰਨਦਾ ਤੇ ਬਖਸ਼ਾਉਂਦਾ ਹੈ।
               ਜਦ ਗੁਰੂ ਜੀ ਉਸ ਨੂੰ ਅੰਨ-ਪਾਣੀ ਛਕਣ ਵਾਸਤੇ ਇਕ ਪਿੰਡ ਭੇਜਦੇ ਹਨ, ਤਾਂ ਉਹ ਉਥੋਂ ਕਪੜਿਆਂ ਤੇ ਹੋਰ ਪਦਾਰਥਾਂ ਦੀ ਪੰਡ ਚੁੱਕ ਲਿਆਉਂਦਾ ਹੈ। ਗੁਰੂ ਜੀ ਉਸ ਨੂੰ ਲੱਦੇ ਹੋਏ ਨੂੰ ਵੇਖ ਕੇ ਹੱਸਦੇ ਹਨ ਤੇ ਕਹਿੰਦੇ ਹਨ, 'ਮਰਦਾਨਿਆ! ਨਾ ਚੁੱਕ ਇਹ ਭਾਰ, ਸੁੱਟ ਦੇ ਸਭ ਕੁਝ, ਦੁਨੀਆਂਦਰਾਂ ਨੂੰ ਦੇ ਦੇ, ਇਹ ਦੁਨੀਆਂਦਾਰੀ ਦਾ ਵਸਤ-ਵਲੇਵਾ।" ਭਾਈ ਮਰਦਾਨਾ ਆਗਿਆ ਦਾ ਪਾਲਣ ਤਾਂ ਕਰਦਾ ਹੈ, ਪਰ ਜੱਕੋ ਤੱਕੋ ਕਰ ਕੇ। ਹੈ ਕਿ ਨਾ ਭਾਈ ਮਰਦਾਨਾ ਦੁਨੀਆਂਦਾਰੀ ਦਾ ਪ੍ਰਤੀਨਿਧ!
                   ਕਾਮਰੂਪ ਦੇਸ਼ ਵਿੱਚ ਜਾਂਦਾ ਹੈ, ਤਾਂ ਗੁਰੂ ਜੀ ਦੇ ਉਪਦੇਸ਼ ਨੂੰ ਭੁੱਲ ਕੇ, ਇਨਸਾਨੀ ਕਮਜ਼ੋਰੀ ਦੇ ਵੱਸ ਹੋ ਕੇ, ਮੋਹਣੀਆਂ ਕਾਮਣਿਆਰੀਆਂ ਦੇ ਜਾਦੂ ਵਸ ਹੋ ਕੇ ਜਾਂਦਾ ਹੈ ਅਤੇ ਭੇਡੂ ਵਾਂਗ ਪਿਆ ਮਿਆਂਕਦਾ ਹੈ।ਗੁਰੂ ਜੀ ਬਹੁੜਦੇ ਹਨ, ਉਸ ਨੂੰ ਛਡਾਉਂਦੇ ਹਨ ਤੇ ਮਿੱਠੀ ਜਿਹੀ ਝਾੜ ਪਾਉਂਦੇ ਹਨ। ਉਹ ਕੰਨਾਂ ਨੂੰ ਹੱਥ ਲਾਉਂਦਾ ਹੈ।
                    ਭਾਈ ਮਰਦਾਨੇ ਲਈ ਗੁਰੂ ਜੀ ਦੇ ਦਿਲ ਵਿਚਲਾ ਪਿਆਰ ਆਪ ਨੂੰ ਅਨੇਕਾਂ ਵੇਰ ਅਕਾਸ਼-ਉਡਾਰੀਆਂ ਤੋਂ ਹੇਠਾਂ ਇਸ ਨਿੱਗਰ ਇਨਸਾਨੀ ਧਰਤੀ ਉਪਰ ਖਿੱਚ ਉਤਾਰਦਾ, ਆਤਮਾ ਦੀਆਂ ਡੂੰਘਿਆਂਈਆਂ ਵਿੱਚ ਚੁਭੀ ਮਾਰ ਬੈਠੇ ਆਪ ਦੇ ਮਨ ਨੂੰ ਸਤਹ 'ਤੇ ਲਿਆ ਕੇ ਸੰਸਾਰਕ ਸੰਬੰਧਾਂ ਦੇ ਚੇਤਾ ਕਰਵਾਉਂਦਾ ਹੈ। ਉਹ ਬੜੇ ਮਾਣ ਨਾਲ ਆਪਣੇ ਆਪ ਨੂੰ ਕਹਿੰਦਾ, "ਜੇ ਮੈਂ ਇਨ੍ਹਾਂ ਦੇ ਨਾਲ ਨਾ ਹੋਵਾਂ ਤਾਂ ਇਹ ਕਿਸੇ ਜੰਗਲ ਦੀ ਇਕਾਂਤ ਵਿੱਚ ਜਾਂ ਨਦੀ ਦੇ ਕੰਢੇ ਬੈਠੇ ਹੀ ਇਸਥਿਤ ਹੋ ਜਾਣ, ਧਰਤ-ਲੁਕਾਈ ਨੂੰ ਸੋਧਣ, ਜਗਤ-ਜਲੰਦੇ ਨੂੰ ਠਾਰਨ ਮਨੁੱਖੀ-ਜਗਤ ਦੀ ਆਤਮਿਕ ਭੁੱਖ ਨਿਵਾਰਣ ਦਾ ਧੁਰੋਂ ਮਿਲਿਆ ਕੰਮ ਵਿੱਚੋਂ ਹੀ ਰਹਿ ਜਾਵੇ ਨੇ, ਇਨ੍ਹਾਂ ਦੇ ਸ਼ਰਧਾਂਲੂ, ਪਿਆਰੇ ਤੇ ਸਾਕ-ਅੰਗ ਮੂੰਹ ਚੁਕੀ ਤੇ ਅੱਖਾਂ ਟੱਡੀ ਤੱਕਦੇ ਉਡੀਕਦੇ ਹੀ ਰਹਿਣ, ਇਹ ਕਦੇ ਬਹੁੜਨ ਹੀ ਨਾ। ਵਾਹ ਮਰਦਾਨਿਆਂ! ਧੰਨ ਤੇਰੀ ਕਮਾਈ, ਓਇ ਤਲਵੰਡੀ ਦਿਆ ਡੂਮਾ!
                    ਪਹਿਲੀ ਉਦਾਸੀ ਤੋਂ ਵਾਪਸ ਆ ਕੇ ਗੁਰੂ ਜੀ ਨੇ ਕਰਤਾਰਪੁਰ ਵਸਾਇਆ ਅਤੇ ਉਥੇ ਨਿਵਾਸ-ਅਸਥਾਨ ਜਾਂ ਡੇਰਾ ਬਣਾਇਆ। ਸੰਗਤਾਂ ਜੁੜਨ ਲੱਗ ਪਈਆਂ। ਭਾਈ ਮਰਦਾਨਾ ਦੋਵੇਂ ਵੇਲੇ ਦੀਵਾਨ ਵਿੱਚ ਰੱਬੀ-ਬਾਣੀ ਦਾ ਕੀਰਤਨ ਕਰਦਾ। ਉਸ ਦੀ ਚੇਤਾ-ਸ਼ਕਤੀ ਇੰਨੀ ਮਹਾਨ ਸੀ ਕਿ ਗੁਰੂ ਜੀ ਦੇ ਉਚਾਰੇ ਸਭੇ ਸ਼ਬਦ ਉਸ ਨੂੰ ਕੰਠ ਸਨ। ਉਹ ਸਭ ਨੂੰ ਗਾਇਨ ਕਰ ਕੇ ਸੰਗਤਾਂ ਨੂੰ ਸੁਣਾਉਂਦਾ ਸੀ।
              ਜਦ ਗੁਰੂ ਜੀ ਦੂਜੀ 'ਤੇ ਫਿਰ ਤੀਜੀ ਉਦਾਸੀ 'ਤੇ ਚੜ੍ਹੇ ਤਾਂ ਭਾਈ ਮਰਦਾਨੇ ਨੂੰ ਕਰਤਾਰਪੁਰ ਛੱਡ ਗਏ, ਤਾਂ ਜੋ ਉਹ ਕੀਰਤਨ ਕਰ ਕੇ ਸੰਗਤਾਂ ਨੂੰ ਆਪ ਜੀ ਦੇ ਇਲਾਹੀ ਗੀਤ ਸੁਣਾਉਂਦਾ ਰਹੇ ਅਤੇ ਇਸ ਤਰ੍ਹਾਂ ਗੁਰ-ਉਪਦੇਸ਼ ਦਾ ਪ੍ਰਵਾਹ ਤੇ ਸਿਲਸਿਲਾ ਜਾਰੀ ਰੱਖ ਸਕੇ। ਉਸ ਦਾ ਕੀਰਤਨ ਸੁਣ ਕੇ ਜਿਥੇ ਸੰਗਤਾਂ ਦੇ ਮਨਾਂ ਵਿੱਚ ਗੁਰੂ ਜੀ ਲਈ ਪਿਆਰ ਤੇ ਆਪ ਦੇ ਦਰਸ਼ਨਾਂ ਦੀ ਤਾਂਘ ਪੈਦਾ ਹੁੰਦੀ, ਉਥੇ ਆਪ ਦੇ ਬਚਨ ਸੁਣ ਕੇ ਉਨ੍ਹਾਂ ਦੇ ਮਨਾਂ ਨੂੰ ਸ਼ਾਂਤੀ ਤੇ ਸੁਖ ਦੀ ਪ੍ਰਾਪਤੀ ਹੁੰਦੀ ਹੈ, ਉਹ ਗੁਰੂ ਜੀ ਦੀ ਬਾਣੀ ਵਿੱਚ ਗੁਰੂ ਜੀ ਦੇ ਜਲਵੇ ਦਾ ਪ੍ਰਕਾਸ਼ ਤੱਕਦੇ ਅਤੇ ਅੰਤਰ-ਆਤਮੇ ਦਰਸ਼ਨ ਕਰਦੇ। ਇਸ ਤਰ੍ਹਾਂ ਭਾਰੀ ਮਰਦਾਨਾ ਉਨ੍ਹਾਂ ਨੂੰ ਗੁਰੂ ਤੇ ਵਾਹਿਗੁਰੂ ਨਾਲ ਜੋੜਦਾ ਤੇ ਵਿਛੋੜੇ ਦੇ ਸੱਲ ਨੂੰ ਮੇਟਦਾ।
                           ਚੌਥੀ ਪੱਛਮ ਦੀ ਉਦਾਸੀ ਵਿੱਚ ਭਾਈ ਮਰਦਾਨਾ ਫਿਰ ਗੁਰੂ ਜੀ ਦੇ ਨਾਲ ਗਿਆ। ਇਸ ਉਦਾਸੀ ਸਮੇਂ ਉਸ ਦੇ ਮਨੁੱਖੀ ਸੁਭਾਅ ਤੇ ਸਰੀਰਕ ਲੋੜ ਨੇ ਵਲੀ ਕੰਧਾਰੀ ਦਾ ਮਾਣ ਤੋੜਿਆ ਅਤੇ ਹਸਨ ਅਬਦਾਲੀਆਂ ਨੂੰ ਉਸ ਦੀ ਮੁਥਾਜੀ ਵਿੱਚੋਂ ਕੱਢਿਆ।
          ਜਦ ਉਦਾਸੀਆਂ ਖਤਮ ਕਰ ਕੇ ਗੁਰੂ ਜੀ ਕਰਤਾਰਪੁਰ ਟਿਕ ਗਏ ਤਾਂ ਭਾਈ ਮਰਦਾਨਾ ਵੀ ਉਥੇ ਹੀ ਰਹਿਣ ਲੱਗ ਪਿਆ। ਉਥੇ ਹੀ ਬਿਰਧ ਅਵਸਥਾ ਵਿੱਚ ਉਸ ਦਾ ਦਿਹਾਂਤ ਹੋ ਗਿਆ। ਉਸ ਦੇ ਦਿਹਾਂਤ ਦਾ ਸੰਮਤ ਕਈਆਂ ਨੇ ੧੫੮੧, ਕਈਆਂ ਨੇ ੧੫੯੧ ਅਤੇ ਇਕ ਦੋਂਹ ਨੇ ੧੫੯੫ ਮੰਨਿਆਂ ਹੈ। ਵਿਚਕਾਰਲਾ, ਅਰਥਾਤ ੧੫੯੧ ਵਧੇਰੇ ਮੰਨਣ ਯੋਗ ਹੈ। ਉਹ ਸਿੱਖ ਸੀ ।ਗੁਰੂ ਜੀ ਨੇ ਉਸ ਦੀ ਦੇਹ ਸਸਕਾਰ ਆਪਣੇ ਹੱਥੀਂ ਕੀਤਾ। ਉਸ ਦੇ ਮਗਰੋਂ ਉਸ ਦੇ ਪੁੱਤਰ ਸ਼ਜ਼ਾਦੇ ਨੂੰ ਆਪਣਾ ਰਬਾਬੀ ਬਣਾਇਆ।
                     ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ  'ਬਿਹਾਗੜਾ ਦੀ ਵਾਰ' ਵਿੱਚ ਭਾਈ ਮਰਦਾਨੇ ਦੇ ਨਾਂ 'ਤੇ ਉਚਾਰੇ ਗੁਰੂ ਨਾਨਕ ਦੇਵ ਜੀ ਦੇ ਤਿੰਨ ਸਲੋਕ ਹਨ, ਜਿਨ੍ਹਾਂ ਵਿੱਚ ਸ਼ਰਾਬ ਵਿਰੁੱਧ ਉਪਦੇਸ਼ ਹੈ।

Previous
Next Post »
navigation