ਬਾਬਾ ਬੁੱਢਾ ਜੀ
ਬਾਬਾ ਬੁੱਢਾ ਜੀ ਬੜੇ ਉੱਚੇ ਸੁੱਚੇ ਪ੍ਰਸਿੱਧ ਅਤੇ ਕਰਨੀ ਵਾਲੇ ਗੁਰਮੁਖ ਗੁਰਸਿੱਖ ਹੋਏ ਹਨ। ਉਨ੍ਹਾਂ ਨੇ ਗੁਰਸਿੱਖੀ ਦਾ ਉਪਦੇਸ਼ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲਿਆ ਅਤੇ ਛੇਵੀਂ ਪਾਤਿਸ਼ਾਹੀ ਦੇ ਸਮੇਂ ਤੀਕ ਗੁਰਸਿੱਖੀ ਦਾ ਨਮੂਨਾਂ ਬਣ ਕੇ ਜੀਵਨ ਬਤੀਤ ਕੀਤਾ। ਬਾਬਾ ਜੀ ਦਾ ਜਨਮ ਸੁੱਘੇ ਰੰਧਾਵੇ ਜੱਟ ਦੇ ਘਰ ਮਾਤਾ ਗੌਰਾਂ ਦੀ ਕੁੱਖ ਤੋਂ ੭ ਕੱਤਕ ਸੰ: ੧੫੬੩ ਨੂੰ 'ਬੂੜਾ' ਰੱਖਿਆ, ਮਗਰੋਂ ਗੁਰੂ ਨਾਨਕ ਦੇਵ ਜੀ ਨੇ ਬਚਨ ਮੂਜਬ ਉਨ੍ਹਾਂ ਦਾ ਨਾ 'ਬੁੱਢਾ' ਜੀ ਪੈ ਗਿਆ। ਬੂੜਾ ਜੀ ਦੇ ਜਨਮ ਤੋਂ ਕੁਝ ਚਿਰ ਮਗਰੋਂ ਉਨ੍ਹਾਂ ਦੇ ਮਾਪੇ ਪਿੰਡ ਰਮਦਾਸ(ਅੰਮ੍ਰਿਤਸਰ) ਵਿੱਚ ਆ ਵੱਸੇ। ਆਮ ਜੱਟ ਮੁੰਡਿਆਂ ਵਾਂਗ ਬੂੜਾ ਜੀ ਛੋਟੇ ਹੁੰਦੇ ਮੱਝਾਂ ਦੇ ਵਾਗੀ ਬਣੇ। ਜਦ ਉਹ ੧੧-੧੨ ਵਰ੍ਹਿਆਂ ਦੇ ਸਨ ਤਦ ਗੁਰੂ ਨਾਨਕ ਦੇਵ ਜੀ ਫਿਰਦੇ-ਫਿਰਦੇ ਅਤੇ 'ਸਤਿਨਾਮ' ਦੇ ਗੱਫੇ ਵਰਤਾਂਦੇ ਰਮਦਾਸ ਪਿੰਡ ਦੇ ਪਾਸ ਆ ਟਿਕੇ। ਬੂੜਾ ਜੀ ਵੀ ਮੱਝਾਂ ਚਾਰਦੇ ਉਥੇ ਆ ਗਏ। ਇਨ੍ਹਾਂ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਅਤੇ ਉਨ੍ਹਾਂ ਦਾ ਉਪਦੇਸ਼ ਸੁਣਿਆਂ। ਉਨ੍ਹਾਂ ਦੇ ਮਨ ਵਿੱਚ ਅਜਿਹੀ ਰੀਝ ਪੈਦਾ ਹੋ ਗਈ ਕਿ ਉਹ ਰੋਜ਼ ਨੇਮ ਨਾਲ ਗੁਰੂ ਜੀ ਪਾਸ ਆ ਬੈਠਿਆ ਕਰਦੇ ਤੇ ਕੰਨ ਲਾ ਕੇ ਬਚਨ ਸੁਣਦੇ ਰਿਹਾ ਕਰਨ। ਨਾਲ ਹੀ ਉਹ ਗੁਰੂ ਜੀ ਵਾਸਤੇ ਦੁੱਧ ਤੇ ਮੱਖਣ ਲਿਆ ਕੇ ਬੜੇ ਪ੍ਰੇਮ ਨਾਲ ਕਰਿਆ ਕਰਨ।
ਇਕ ਦਿਨ ਗੁਰੂ ਜੀ ਨੇ ਉਨ੍ਹਾਂ ਨੂੰ ਕਿਹਾ,
'ਕਾਕਾ! ਤੇਰਾ ਕੀ ਨਾਂ ਹੈ? ਤੂੰ ਕੀ ਕੰੰ ੰ ਕਰਦਾ ਹੁੰਦਾ ਏਂ?
ਬੂੜਾ ਜੀ- ਸੱਚੇ ਪਾਤਸ਼ਾਹ ! ਮੈਂ ਰਮਦਾਸ ਵਿੱਚ ਰਹਿਣ ਵਾਲੇ ਇਕ ਜੱਟ ਦਾ ਪੁੱਤ ਹਾਂ। ਮਾਪਿਆਂ ਨੇ ਮੇਰਾਂ ਨਾਂ 'ਬੂੜਾ ਰੱਖਿਆ ਹੈ।ਮੈਂ ਮੱਝਾਂ ਚਾਰਿਆ ਕਰਦਾ ਹਾਂ।
ਗੁਰੂ ਜੀ- ਤੂੰ ਕੀ ਇੱਛਾ ਧਾਰ ਕੇ ਸਾਡੇ ਪਾਸ ਆਉਂਦਾ ਹੈਂ ? ਤੂੰ ਕੀ ਚਾਹੂੰਦਾ ਹੈ?
ਬੂੜਾ ਜੀ – ਸੱਚੇ ਪਾਤਸ਼ਾਹ ! ਮੇਰੀ ਬੇਨਤੀ ਹੈ ਕਿ ਮੈਨੂੰ ਮੌਤ ਦੇ ਦੁੱਖ ਤੇ ਡਰ ਤੋ ਬਚਾਓ, ਇਸ ਚੁਰਾਸੀ ਦੇ ਗੇੜ ਵਿੱਚੋਂ ਕੱਢੋ, ਮੁਕਤੀ ਬਖਸ਼ੋ!
ਗੁਰੂ ਜੀ-ਕਾਕਾ! ਤੇਰੀ ਤਾਂ ਹਾਲਾਂ ਖੇਡਣ-ਮੱਲ੍ਹਣ, ਖਾਣ-ਹੰਢਾਉਣ ਦੀ ਉਮਰ ਹੈ। ਤੈਨੂੰ ਮੌਤ ਤੇ ਮੁਕਤੀ ਦੇ ਖਿਆਲਾਂ ਨੇ ਕਿਵੇਂ ਆ ਫੜਿਆ? ਵੱਡਾ ਹੋਵਂਗਾ ਤਾਂ ਇਹ ਗੱਲਾਂ ਕਰੀਂ।
ਬੂੜਾ ਜੀ- ਮਹਾਰਾਜ ਜੀ !ਮੌਤ ਦਾ ਕੀ ਵਸਾਹ? ਕੀ ਪਤਾ ਕਦੋਂ ਆ ਝੱਫੇ। ਖਬਰਾਂ ਵੱਡਾ ਹੋਵਾਂ ਕਿ ਨਾ ਹੀ ਹੋਵਾਂ।
ਗੁਰੂ ਜੀ- ਤੈਨੂੰ ਇੰਨੀ ਛੋਟੀ ਉਮਰੇ ਇਹ ਸੋਚ ਕਿਵੇਂ ਫੁਰੀ ਕਾਕਾ ਬੁੜਿਆ?
ਬੂੜਾ ਜੀ- ਮਹਾਰਾਜ ਜੀ, ਉਹ ਇਉਂ, ਕੁਝ ਚਿਰ ਹੋਇਆ ਪਠਾਣ ਸਾਡੇ ਪਿੰਡ ਪਾਸ ਦੀ ਲੰਘੇ, ਉਹ ਬਦੋ-ਬਦੀ ਸਾਡੀਆਂ ਫਸਲਾਂ ਵੱਢ ਕੇ ਲੈ ਗਏ-ਪੱਕੀਆਂ ਵੀ, ਕੱਚੀਆਂ ਵੀ, ਅਤੇ ਅੱਧ-ਪੱਕੀਆਂ ਵੀ। ਉਦੋਂ ਤੋਂ ਮੈਨੂੰ ਘੜੀ ਮੁੜੀ ਖਿਆਲ ਆਉਂਦਾ ਹੈ ਕਿ ਜਿਵੇਂ ਪਠਾਣ ਕੱਚੀਆਂ-ਪੱਕੀਆਂ ਫਸਲਾਂ ਵੱਢ ਕੇ ਲੈ ਗਏ ਹਨ, ਤਿਵੇਂ ਹੀ ਮੌਤ ਵੀ ਬੱਚੇ, ਗੱਭਰੂ, ਅੱਧਖੜ, ਬੁੱਢੇ ਨੂੰ ਜਦੋਂ ਜੀ ਕਰੇ ਆ ਨੱਪੇਗੀ। ਕੀ ਪਤਾ ਮੇਰੀ ਵਾਰੀ ਕਦੋਂ ਆ ਜਾਵੇ? ਇਸ ਕਰਕੇ ਮੌਤ ਤੋਂ ਡਰਦਾ ਹਾਂ। ਤੁਹਾਡੇ ਪਾਸ ਇਹ ਆਸ ਧਾਰ ਕੇ ਆਉਂਦਾ ਹਾਂ ਕਿ ਤੁਸੀਂ ਮੇਰਾ ਏ ਡਰ ਦੂਰ ਕਰੋਗੇ।
ConversionConversion EmoticonEmoticon