ਫਜ਼ੂਲ ਖਰਚੀ
ਉਹ ਫਜ਼ੂਲ ਖਰਚੀ ਦੇ ਬੜੇ ਖਿਲਾਫ ਸੀ। ਅੱਜ ਵੀ ਜਦੋਂ ਉਹ ਅਤੇ ਉਸ ਦਾ ਦੋਸਤ ਸ਼ਹਿਰ ਦੇ ਵੱਡੇ ਚੌਂਕ ਵਿਚ ਖੜ੍ਹੇ ਬੱਸ ਦੀ ਉਡੀਕ ਕਰ ਰਹੇ ਸਨ ਤਾਂ ਉਸਦੇ ਦੋਸਤ ਨੇ ਉਸ ਨੂੰ ਆਟੋ ਕਰ ਲੈਣ ਦੀ ਸਲਾਹ ਦਿੱਤੀ, ਕਿਉਂਕਿ ਬੱਸ ਕਾਫੀ ਲੇਟ ਕਰ ਰਹੀ ਸੀ। ਪਰ ਉਹ ਬੋਲਿਆ, 'ਆਪਾਂ ਫਜ਼ੂਲ ਖਰਚੀ ਦੇ ਬਿਲਕੁਲ ਖਿਲਾਫ ਹਾਂ, ਬੱਸ ਕੇਵਲ ਪੰਜ ਰੁਪਏ ਵਿਚ ਅੱਡੇ 'ਤੇ ਪਹੁੰਚਾਏਗੀ, ਜਦ ਕਿ ਆਟੋ ਰਿਕਸ਼ਾ ਖਾਹ-ਮਖਾਹ ੨੦-੨੫ ਰੁਪਏ ਮੁੱਛ ਲਵੇਗਾ।ਦੋਸਤ ਚੁੱਪ ਸੀ। ਤਕਰੀਬਨ ਅੱਧਾ-ਪੌਣਾ ਘੰਟਾ ਇੰਝ ਹੀ ਬੀਤ ਗਿਆ।ਬੱਸ ਉਡੀਕਦੇ-ਉਡੀਕਦੇ ਉਹ ਥੱਕ ਗਏ ਅਤੇ ਗੱਲਾਂ-ਗੱਲਾਂ ਵਿਚ ਹੀ ਉਹ ਚੌਕ ਤੋ ਵੀ ਥੌੜ੍ਹਾ ਅੱਗੇ ਨੂੰ ਸਰਕ ਆਏ।
ਅਚਾਨਕ ਇਕ ਆਟੋ-ਰਿਕਸ਼ਾ ਸਵਾਰੀ ਲੈਣ ਦੀ ਨੀਅਤ ਨਾਲ, ਐਨ ਉਨ੍ਹਾਂ ਦੇ ਮੂਹਰੇ ਆਣ ਖੜੋ ਗਿਆ। ਉਸ ਦੀ ਨਿਗ੍ਹਾ ਆਟੋ ਵਿਚ ਪਿੱਛੋਂ ਹੀ ਬੈਠਕੇ ਆਈਆਂ ਦੋ ਖੂਬਸੂਰਤ ਮੁਟਿਆਰਾਂ 'ਤੇ ਪਈ, ਜੋ ਕਿ ਉਸ ਦੇ ਹੀ ਕਾਲਜ ਦੀਆਂ ਵਿਦਿਆਰਥਣਾਂ ਸਨ। ਉਹ ਅੰਦਰੋਂ- ਅੰਦਰੀਂ ਖੁਸ਼ੀ ਵਿਚ ਝੂਮ ਉਠਿਆ ਅਤੇ ਝੱਟ ਆਟੋ ਵਿਚ ਬੈਠ ਗਿਆ।ਮੁਟਿਆਰਾਂ ਨਾਲ ਇਕੱਠਿਆਂ ਬੈਠਕੇ, ਇਧਰ-ਉਧਰ ਦੀਆਂ ਗੱਲਾਂਬਾਤਾਂ ਸਾਂਝੀਆਂ ਕਰਕੇ ਉਹ ਬਾਹਲਾ ਪ੍ਰਸੰਨ ਸੀ।ਅੱਡੇ 'ਤੇ ਉਤਰਕੇ ਉਸ ਨੇ ਆਟੋ ਵਾਲੇ ਤੋਂ ਚਾਰਾਂ ਦਾ ਕਿਰਾਇਆ ਪੁੱਛਿਆ ਤਾਂ ਉਸ ਨੇ ੮੦ ਰੁਪਏ ਦੱਸੇ। ਮੁਟਿਆਰਾਂ ਦੇ ਨਾਂਹ-ਨਾਂਹ ਕਹਿਣ ਦੇ ਬਾਵਜੂਦ ਉਸ ਨੇ ਹੱਸਦਿਆਂ ਹੋਇਆਂ ੧੦੦ ਦਾ ਕੜਕਦਾ ਨੋਟ ਆਟੋ ਵਾਲੇ ਵੱਲ ਵਧਾ ਦਿੱਤਾ। ਜਦੋਂ ਮੁਟਿਆਰਾਂ 'ਥੈਂਕਸ' ਕਹਿ ਕੇ ਆਪਣੇ ਰਸਤੇ ਪੈ ਗਈਆਂ ਤਾਂ ਉਸ ਦੇ ਦੋਸਤ ਨੇ ਪੁੱਛਿਆ, ।'ਯਾਰ ਤੂੰ ਤਾਂ ਫਜ਼ੂਲ ਖਰਚੀ ਦੇ ਬੜਾ ਖਿਲਾਫ ਸੀ, ਪਰ ਹੁਣ ਆਹ ਕੀ…?' 'ਕਦੇ-ਕਦੇ ਇਹ ਵੀ ਕਰ ਲੈਣੀ ਚਾਹੀਦੀ ਏ। ਫਜ਼ੂਲ ਖਰਚੀ…।' ਕਹਿੰਦੀਆਂ ਹੋਇਆਂ ਉਸ ਨੇ ਆਟੋ ਵਾਲੇ ਪਾਸੋਂ ਬਕਾਇਆ ਵੀਹ ਰੁਪਏ ਲੈ ਕੇ ਜੇਬ ਪਾ ਲਏ।
-ਸ਼ੇਲਿੰਦਰਜੀਤ ਸਿੰਘ ਰਾਜਨ
ਮੋਬਾਇਲ ਨੰ: 98157-69164
ConversionConversion EmoticonEmoticon