ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਇਸ ਵੈਬਸਾਈਟ ਦੀ ਸੇਵਾ ਕਰਦਿਆ ਦਾਸ ਪਾਸੋ ਗਲਤੀਆਂ ਹੋ ਜਾਣਾ ਸੁਭਾਵਿਕ ਹੈ, ਆਪ ਜੀ ਦੇ ਚਰਨਾ ਪਾਸ ਬੇਨਤੀ ਹੈ ਦਾਸ ਨੂੰ ਹੋਈ ਗਲਤੀ ਬਾਰੇ ਅਤੇ ਸੁਝਾਵ ਦੇਣ ਲਈ ਇਸ ਈ-ਮੇਲ ਤੇ ਸੰਪਰਕ ਕਰਨਾ ਜੀ sikhtera.info@gmail.com

ਗੁਰਦਵਾਰਾ ਰਕਾਬ ਗੰਜ ਸਾਹਿਬ

  ਗੁਰਦਵਾਰਾ ਰਕਾਬ ਗੰਜ ਸਾਹਿਬ

ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਦਾ ਹੁਕਮ ਦੇਣ ਦੇ ਨਾਲ-ਨਾਲ ਔਰੰਗਜ਼ੇਬ ਦਾ ਇਹ ਵੀ ਹੁਕਮ ਸੀ ਕਿ ਗੁਰੂ ਸਾਹਿਬ ਦੀ ਦੇਹ ਦੇ ਚਾਰ ਟੁਕੜੇ ਕਰ ਕੇ ਸ਼ਹਿਰ ਦੇ ਚਾਰੇ ਪਾਸੇ ਲਟਕਾ ਦਿਤੇ ਜਾਣ ਪਰ ਹਨੇਰਾ ਪੈ ਚੁੱਕਾ ਹੋਣ ਕਰ ਕੇ ਉਸ ਦੇ ਇਸ ਹੁਕਮ 'ਤੇ ਅਮਲ ਨਾ ਹੋ ਸਕਿਆ | ਉਧਰ ਭਾਈ ਜੈਤਾ, ਭਾਈ ਨਾਨੂ ਰਾਮ, ਭਾਈ ਤੁਲਸੀ ਤੇ ਭਾਈ ਊਦਾ ਨੇ ਗੁਰੂ ਸਾਹਿਬ ਦਾ ਸੀਸ ਚੁਕ ਕੇ ਲਿਆਉਣ ਦੀ ਤਰਕੀਬ ਘੜੀ। ਭਾਈ ਜੈਤਾ ਅਪਣੀ ਟੋਕਰੀ ਸਿਰ 'ਤੇ ਚੁਕ ਕੇ ਲੈ ਗਿਆ ਅਤੇ ਰਾਤ ਦੇ ਹਨੇਰੇ ਵਿਚ ਗੁਰੂ ਸਾਹਿਬ ਦਾ ਸੀਸ ਚੁਕ ਲਿਆਇਆ। ਦੂਜੇ ਪਾਸੇ (ਭਾਈ ਮਨੀ ਸਿੰਘ ਦੇ ਸਹੁਰਾ) ਭਾਈ ਲੱਖੀ ਰਾਏ ਵਣਜਾਰਾ ਨੇ, ਅਪਣੇ ਪੁੱਤਰਾਂ ਭਾਈ ਨਿਗਾਹੀਆ, ਹੇਮਾ ਤੇ ਹਾੜੀ ਦੀ ਮਦਦ ਨਾਲ, ਗੁਰੂ ਸਾਹਿਬ ਦਾ ਧੜ ਚੁਕ ਲਿਆਂਦਾ ਅਤੇ ਅਪਣੇ ਘਰ ਅੰਦਰ (ਗੁਰਦਵਾਰਾ ਰਕਾਬ ਗੰਜ ਵਾਲੀ ਥਾਂ 'ਤੇ) ਹੀ ਧੜ ਦਾ ਸਸਕਾਰ ਕਰ ਦਿਤਾ।
ਗੁਰੂ ਸਾਹਿਬ ਦੇ ਸੀਸ ਅਤੇ ਧੜ ਦੇ ਸਸਕਾਰ ਬਾਰੇ ਭੱਟ ਵਹੀ 'ਚ ਇਹ ਲਿਖਿਆ ਮਿਲਦਾ ਹੈ:
ਲਖੀਆ ਬੇਟਾ ਗੋਧੂ ਕਾ, ਨਗਾਹੀਆ-ਹੇਮਾ-ਹਾੜੀ ਬੇਟੇ ਲਖੀਏ ਕੇ, ਜਾਦੋ ਬੰਸੀਏ, ਬੜਤੀਏ ਕਨਾਉਾਤ, ਨਾਇਕ ਧੂੰਮਾ ਬੇਟਾ ਕਾਨ੍ਹੇ ਕਾ, ਤੂੰਮਰ ਬਿੰਜਲਉਾਤ, ਗੁਰੂ ਤੇਗ਼ ਬਹਾਦਰ ਜੀ ਮਹਲ ਨਾਂਵਾਂ ਕੀ ਲਾਸ਼ ਉਠਾਏ ਲਾਏ, ਸਾਲ ਸਤਰਾਂ ਸੈ ਬੱਤੀਸ, ਮੰਗਹਰ ਸੁਦੀ ਛੱਟ, ਗੁਰੂਵਾਰ ਕੇ ਦਿਹੁੰ। ਦਾਗ਼ ਕੀਆ ਰਸੀਨਾ ਗਾਮ ਮੇਂ ਆਧ ਘਰੀ ਰੈਨ ਰਹੀ। (ਭੱਟ ਵਹੀ ਜਾਦੋਬੰਸੀਆਂ ਕੀ, ਖਾਤਾ ਬੜਤੀਏ ਕਨਾਉਾਤੋਂ ਕਾ)। ਉਦੋਂ ਰਾਇਸੀਨਾ ਪਿੰਡ ਦੀ ਸਾਰੀ ਜ਼ਮੀਨ ਭਾਈ ਲੱਖੀ ਰਾਏ ਵਣਜਾਰਾ ਦੀ ਸੀ। ਅੱਜ ਜਿਸ ਜਗ੍ਹਾ ਰਾਸ਼ਟਰਪਤੀ ਭਵਨ, ਪਾਰਲੀਮੈਂਟ ਬਣੇ ਹੋਏ ਹਨ, ਇਹ ਸਾਰੀ ਜਗ੍ਹਾ ਭਾਈ ਲੱਖੀ ਰਾਏ ਦੀ ਸੀ ਤੇ ਅੰਗਰੇਜ਼ਾਂ ਨੇ, 1913 ਵਿਚ ਦਿੱਲੀ ਨੂੰ ਰਾਜਧਾਨੀ ਬਣਾਉਣ ਸਮੇਂ, ਜਬਰੀ ਐਕੁਆਇਰ ਕੀਤੀ ਸੀ। ਅੰਗਰੇਜ਼ਾਂ ਨੇ, 14 ਜਨਵਰੀ, 1914 ਨੂੰ ਗੁਰਦਵਾਰਾ ਰਕਾਬ ਗੰਜ ਦੀ ਬਾਹਰਲੀ ਕੰਧ ਵੀ ਢਾਹ ਦਿਤੀ ਸੀ ਅਤੇ ਇਸ ਦਾ ਕੁੱਝ ਹਿੱਸਾ ਵੀ ਕਬਜ਼ੇ ਵਿਚ ਲੈਣਾ ਚਾਹੁੰਦੇ ਸਨ ਪਰ ਸਿੱਖਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਉੁਨ੍ਹਾਂ ਨੂੰ ਇਸ ਵਾਸਤੇ ਮੋਰਚਾ ਲਾਉਣਾ ਪਿਆ ਸੀ।
‘ਬਚਿੱਤਰ ਨਾਟਕ’ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਫ਼ੁਰਮਾਉਂਦੇ ਹਨ:
ਠੀਕਰ ਫੋਰਿ ਦਿਲੀਸ ਸਿਰਿ, ਪ੍ਰਭ ਪੁਰਿ ਕਿਯਾ ਪਯਾਨ॥
ਤੇਗ ਬਹਾਦੁਰ ਸ੍ਰੀ ਕ੍ਰਿਆ, ਕਰੀ ਨ ਕਿਨਹੂੰ ਆਨਿ॥
ਤੇਗ ਬਹਾਦੁਰ ਕੇ ਚਲਤ, ਭਯੋ ਜਗਤ ਕੋ ਸੋਕ॥
ਹੈ ਹੈ ਹੈ ਸਭ ਜਗ ਭਯੋ, ਜੈ ਜੈ ਜੈ ਸੁਰ ਲੋਕਿ॥ ,,,,,(ਦਸਮ ਗ੍ਰੰਥ)
ਵਿਸ਼ਵ-ਇਤਿਹਾਸ ਵਿੱਚ ਗੁਰੂ ਜੀ ਦੀ ਕੁਰਬਾਨੀ ਵਿਲੱਖਣ ਹੈ ਅਤੇ ਵਿਸ਼ੇਸ਼ ਅਰਥਾਂ ਦੀ ਧਾਰਨੀ ਹੈ। ਵਿਲੱਖਣਤਾ ਇਸ ਗੱਲ ਵਿੱਚ ਹੈ ਕਿ ਇਹ ਕੁਰਬਾਨੀ ਆਪਣੇ ਲਈ ਨਹੀਂ, ਆਪਣੇ ਭਾਈਚਾਰੇ ਲਈ ਨਹੀਂ ਬਲਕਿ ਮਾਨਵਤਾ ਨੂੰ ਬਚਾਉਣ ਖ਼ਾਤਰ ਦਿੱਤੀ ਗਈ। ਇਸ ਤਰ੍ਹਾਂ ਇਸ ਗੌਰਵਮਈ ਸ਼ਹਾਦਤ ਨੇ ਸਿਰਫ਼ ਸਿੱਖ ਇਤਿਹਾਸ ਨੂੰ ਹੀ ਨਵਾਂ ਮੋੜ ਨਹੀਂ ਦਿੱਤਾ ਸਗੋਂ ਪੂਰੇ ਵਿਸ਼ਵ ਨੂੰ ਹੱਕ, ਸੱਚ, ਇਨਸਾਫ਼ ਅਤੇ ਧਰਮ ਲਈ ਮਰ-ਮਿਟਣ ਦਾ ਜਜ਼ਬਾ ਪ੍ਰਦਾਨ ਕੀਤਾ। ਗੁਰੂ ਜੀ ਦੀ ਸ਼ਹਾਦਤ ਨੇ ਉਸ ਸਮੇਂ ਦੇ ਮਜ਼ਲੂਮਾਂ, ਨਿਤਾਣਿਆਂ, ਨਿਓਟਿਆਂ ਅਤੇ ਨਿਮਾਣਿਆਂ ਦੇ ਹਿਰਦੇ ਵਿੱਚ ਇੱਕ ਨਵੀਂ ਰੂਹ ਫੂਕੀ। ਆਪ ਜੀ ਦੀ ਕੁਰਬਾਨੀ ਨਾ ਸਿਰਫ਼ ਸਮਕਾਲੀਨ ਸਮਾਜ ਲਈ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਪ੍ਰੇਰਨਾ-ਸਰੋਤ ਬਣੀ।
ਅੱਜ 21ਵੀਂ ਸਦੀ ਦੇ ਸੰਦਰਭ ਵਿੱਚ ਇਸ ਸ਼ਹਾਦਤ ਦੀ ਮਹੱਤਤਾ ਹੋਰ ਵੀ ਦ੍ਰਿੜ੍ਹ ਹੋ ਜਾਂਦੀ ਹੈ ਕਿਉਂਕਿ ਅੱਜ ਫਿਰ ਸਾਡਾ ਸਮਾਜ ਭਾਸ਼ਾ ਦੇ ਨਾਂ ’ਤੇ, ਧਰਮ ਦੇ ਨਾਂ ’ਤੇ ਅਣਗਿਣਤ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਗੁਰੂ ਜੀ ਦੀ ਲਾਸਾਨੀ ਸ਼ਹਾਦਤ ਦੀ ਰੋਸ਼ਨੀ ਹੀ ਇਨ੍ਹਾਂ ਕੱਟੜਤਾ ਦੇ ਨਸ਼ੇ ਵਿੱਚ ਅੰਨ੍ਹੇ ਹੋਏ ਹਿੰਸਾਵਾਦੀਆਂ ਨੂੰ ਚਾਨਣ ਦੀ ਕਿਰਨ ਪ੍ਰਦਾਨ ਕਰ ਸਕਦੀ ਹੈ। ਅੱਜ ਦੇ ਦਿਨ ਉਸ ਮਹਾਨ ਸ਼ਹੀਦ ਨੂੰ ਸਾਡੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਮਨੁੱਖ ਦੇ ਬਣਾਏ ਧਰਮ ਤੋਂ ਉੱਪਰ ਉੱਠ ਕੇ ਸਰਬ-ਸਾਂਝੇ ਧਰਮ ਅਰਥਾਤ ਮਾਨਵਤਾ, ਅਹਿੰਸਾ, ਦਇਆ, ਅਮਨ ਅਤੇ ਅਖੰਡਤਾ ਦੇ ਰਸਤੇ ਉੱਪਰ ਕਦਮ ਧਰੀਏ।
Previous
Next Post »
navigation